menu-icon
Punjabi Story Line
  • Home
  • News
  • International
  • ਦੇਰ ਰਾਤ ਸੌਂ ਰਹੇ ਸੀ ਲੋਕ, ਅਚਾਨਕ ਕੰਬੀ ਅਫ਼ਗਾਨਿਸਤਾਨ ਦੀ ਧਰਤੀ, 5.5 ਦੀ ਤੀਬਰਤਾ ਨਾਲ ਆਇਆ ਭੂਚਾਲ

ਦੇਰ ਰਾਤ ਸੌਂ ਰਹੇ ਸੀ ਲੋਕ, ਅਚਾਨਕ ਕੰਬੀ ਅਫ਼ਗਾਨਿਸਤਾਨ ਦੀ ਧਰਤੀ, 5.5 ਦੀ ਤੀਬਰਤਾ ਨਾਲ ਆਇਆ ਭੂਚਾਲ

ਅਫ਼ਗਾਨਿਸਤਾਨ 'ਚ ਬੁੱਧਵਾਰ, 1 ਜੁਲਾਈ ਦੀ ਰਾਤ 5.5 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਲੋਕਾਂ 'ਚ ਦਹਿਸ਼ਤ ਮਚ  ਗਈ। ਰਾਹਤ ਦੀ ਗੱਲ ਹੈ ਕਿ ਇਸ ਭੂਚਾਲ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।

Date Updated Last Updated : 02 July 2026, 08:55 AM IST
Share:

ਅਫ਼ਗਾਨਿਸਤਾਨ: ਅਜੇ ਲੋਕ ਵੈਨੇਜ਼ੁਏਲਾ 'ਚ ਆਏ ਖ਼ਤਰਨਾਕ ਭੂਚਾਲ ਦੀ ਤਬਾਹੀ ਨੂੰ ਭੁੱਲ ਨਹੀਂ ਪਾਏ ਸੀ ਕਿ ਇਸ ਵਿਚਾਲੇ ਅਫ਼ਗਾਨਿਸਤਾਨ ਦੀ ਧਰਤੀ ਵੀ ਬੀਤੀ ਰਾਤ ਕੰਬ ਗਈ। ਅਫ਼ਗਾਨਿਸਤਾਨ 'ਚ ਬੁੱਧਵਾਰ, 1 ਜੁਲਾਈ ਦੀ ਰਾਤ 5.5 ਦੀ ਤੀਬਰਤਾ ਦਾ ਭੂਚਾਲ ਆਇਆ। ਰਾਹਤ ਦੀ ਗੱਲ ਹੈ ਕਿ ਇਸ ਭੂਚਾਲ ਨੇ ਕੋਈ ਤਬਾਹੀ ਨਹੀਂ ਮਚਾਈ। ਲੋਕਾਂ ਨੂੰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਪਹੁੰਚਿਆ।

ਨੈਸ਼ਨਲ ਸੈਂਟਰ ਫਾਰ ਸੀਸਮਾਲਾਜੀ (NCS) ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਦੱਸਿਆ ਕਿ ਭੂਚਾਲ ਭਾਰਤੀ ਸਮੇਂ ਅਨੁਸਾਰ ਰਾਤ 11:27 ਵਜੇ 173 ਕਿਲੋਮੀਟਰ ਦੀ ਡੂੰਘਾਈ ਨਾਲ ਆਇਆ।

ਰੈਡ ਕ੍ਰਾਸ ਦੇ ਅਨੁਸਾਰ, ਅਫ਼ਗਾਨਿਸਤਾਨ 'ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਖ਼ਾਸਕਰ ਹਿੰਦੂ ਕੁਸ਼ ਇਲਾਕੇ 'ਚ ਜੋ ਬਹੁਤ ਜ਼ਿਆਦਾ ਭੂਚਾਲ ਸੰਵੇਦਨਸ਼ੀਲ ਜ਼ੋਨ 'ਚ ਆਉਂਦਾ ਹੈ।

ਅਫ਼ਗਾਨਿਸਤਾਨ 'ਚ ਭੂਚਾਲ ਦਾ ਖ਼ਤਰਾ ਇਸ ਲਈ ਜ਼ਿਆਦਾ ਹੈ, ਕਿਉਂਕਿ ਇਹ ਭਾਰਤ ਅਤੇ ਯੂਰੇਸ਼ਿਅਨ ਟੈਕਟੋਨਿਕ ਪਲੇਟਾਂ ਦੇ ਟਕਰਾਉਣ ਵਾਲੇ ਜ਼਼ੋਨ 'ਚ ਸਥਿਤ ਹੈ। ਇਸ ਦੇਸ਼ ਦੇ ਕੁੱਝ ਹਿੱਸਿਆ ਜਿਵੇਂ ਹੇਰਾਤ ਇਲਾਕੇ ਤੋਂ ਇੱਕ ਵੱਡੀ ਫਾਲਟ ਲਾਈਨ ਵੀ ਗੁਜ਼ਰਦੀ ਹੈ।

ਸੰਯੁਕਤ ਰਾਸ਼ਟਰ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (UNOCHA) ਦਾ ਕਹਿਣਾ ਹੈ ਕਿ ਅਫਗਾਨਿਸਤਾਨ ਭੂਚਾਲ, ਜ਼ਮੀਨ ਖਿਸਕਣ ਅਤੇ ਮੌਸਮੀ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਲਈ ਬਹੁਤ ਜ਼ਿਆਦਾ ਕਮਜ਼ੋਰ ਹੈ। ਵਾਰ-ਵਾਰ ਆਉਣ ਵਾਲੇ ਭੂਚਾਲ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਅਤੇ ਸੀਮਤ ਵਿਕਾਸ ਨਾਲ ਜੂਝ ਰਹੇ ਭਾਈਚਾਰਿਆਂ ਲਈ ਸਥਿਤੀ ਨੂੰ ਹੋਰ ਵੀ ਵਿਗਾੜ ਦਿੰਦੇ ਹਨ, ਜਿਸ ਨਾਲ ਵਾਰ-ਵਾਰ ਆਉਣ ਵਾਲੇ ਝਟਕਿਆਂ ਦਾ ਸਾਹਮਣਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਬੁਰੀ ਤਰ੍ਹਾਂ ਘੱਟ ਜਾਂਦੀ ਹੈ।

ਵੈਨੇਜ਼ੁਏਲਾ ਵਿੱਚ ਸਥਿਤੀ


ਦੱਸ ਦੇਈਏ ਕਿ ਪਿਛਲੇ ਹਫ਼ਤੇ ਵੈਨੇਜ਼ੁਏਲਾ ਵਿੱਚ ਦੋ ਸ਼ਕਤੀਸ਼ਾਲੀ ਭੂਚਾਲ ਆਏ ਸਨ, ਅਤੇ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 1,900 ਤੋਂ ਵੱਧ ਹੋ ਗਈ ਹੈ। ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਇੱਕ ਅਮਰੀਕੀ ਪ੍ਰਸਾਰਕ ਦੇ ਅਨੁਸਾਰ, ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੋਰਜ ਰਾਮੀਰੇਜ਼ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਘੱਟੋ-ਘੱਟ 1,943 ਲੋਕਾਂ ਦੀ ਮੌਤ ਹੋ ਗਈ ਹੈ - ਜੋ ਕਿ ਪਿਛਲੇ ਦਿਨ ਦੇ ਅੰਕੜਿਆਂ ਤੋਂ ਲਗਭਗ 200 ਦਾ ਵਾਧਾ ਹੈ।

ਹਾਲਾਂਕਿ, ਅਸਲ ਮੌਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਮੰਨੀ ਜਾਂਦੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਇਸ ਗੱਲ ਦੀ ਮਜ਼ਬੂਤ ​​ਸੰਭਾਵਨਾ ਹੈ ਕਿ ਹਜ਼ਾਰਾਂ ਲੋਕ ਮਾਰੇ ਗਏ ਹਨ। ਸੀਐਨਐਨ ਨੇ ਰਿਪੋਰਟ ਦਿੱਤੀ ਕਿ ਵੈਨੇਜ਼ੁਏਲਾ ਲਈ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਅਤੇ ਮਾਨਵਤਾਵਾਦੀ ਕੋਆਰਡੀਨੇਟਰ, ਗਿਆਨਲੂਕਾ ਰਾਮਪੋਲਾ ਨੇ ਸੋਮਵਾਰ ਨੂੰ ਕਿਹਾ ਕਿ ਵੈਨੇਜ਼ੁਏਲਾ ਸਰਕਾਰ ਅਤੇ ਸੰਯੁਕਤ ਰਾਸ਼ਟਰ ਸੰਭਾਵੀ ਮੌਤਾਂ ਦੀ ਗਿਣਤੀ ਦੇ ਮੱਦੇਨਜ਼ਰ 10,000 ਬਾਡੀ ਬੈਗ ਖਰੀਦ ਰਹੇ ਹਨ। 

Recent News