ਅਫਗਾਨਿਸਤਾਨ ਦੇ ਹਿੰਦੂ ਕੁਸ਼ ਇਲਾਕੇ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਦਾ ਅਸਰ ਭਾਰਤ ਸਮੇਤ ਕਈ ਗੁਆਂਢੀ ਦੇਸ਼ਾਂ ਵਿੱਚ ਦੇਖਣ ਨੂੰ ਮਿਲਿਆ। ਇਸ ਭੂਚਾਲ ਦੇ ਝਟਕੇ ਪਾਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਉਜ਼ਬੇਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ ਤੱਕ ਮਹਿਸੂਸ ਕੀਤੇ ਗਏ। ਭਾਰਤ ਵਿੱਚ ਜੰਮੂ-ਕਸ਼ਮੀਰ, ਪੰਜਾਬ, ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਧਰਤੀ ਹਿੱਲਣ ਦਾ ਅਹਿਸਾਸ ਹੋਇਆ।
ਜੰਮੂ-ਕਸ਼ਮੀਰ ਦੇ ਸ਼੍ਰੀਨਗਰ, ਬਾਰਾਮੂਲਾ, ਕੁਪਵਾੜਾ ਅਤੇ ਜੰਮੂ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਝਟਕੇ ਮਹਿਸੂਸ ਹੋਣ ਮਗਰੋਂ ਲੋਕ ਸਾਵਧਾਨੀ ਵਜੋਂ ਆਪਣੇ ਘਰਾਂ ਅਤੇ ਕੰਮ-ਕਾਜੀ ਥਾਵਾਂ ਤੋਂ ਬਾਹਰ ਆ ਗਏ। ਦਿੱਲੀ-ਐਨਸੀਆਰ ਅਤੇ ਗੁਰੂਗ੍ਰਾਮ ਵਿੱਚ ਵੀ ਕੁਝ ਪਲਾਂ ਲਈ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਥੋੜ੍ਹੀ ਦੇਰ ਲਈ ਦਹਿਸ਼ਤ ਦਾ ਮਾਹੌਲ ਰਿਹਾ।
ਖੁਸ਼ਕਿਸਮਤੀ ਨਾਲ ਜੰਮੂ-ਕਸ਼ਮੀਰ ਜਾਂ ਦੇਸ਼ ਦੇ ਹੋਰ ਪ੍ਰਭਾਵਿਤ ਖੇਤਰਾਂ ਤੋਂ ਜਾਨ-ਮਾਲ ਦੇ ਕਿਸੇ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਭੂਚਾਲ ਦੀ ਤਸਦੀਕ ਕਰ ਦਿੱਤੀ ਹੈ, ਜਦਕਿ ਪ੍ਰਸ਼ਾਸਨ ਵੱਲੋਂ ਹਾਲਾਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸੰਭਾਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਵੈਨੇਜ਼ੁਏਲਾ ਵਿੱਚ 25 ਜੂਨ ਨੂੰ 7.2 ਅਤੇ 7.5 ਤੀਬਰਤਾ ਦੇ ਦੋ ਵੱਡੇ ਭੂਚਾਲ ਆਏ, ਜਿਨ੍ਹਾਂ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਤਾਕਤਵਰ ਝਟਕਿਆਂ ਕਾਰਨ ਹੁਣ ਤੱਕ 920 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 51 ਹਜ਼ਾਰ ਤੋਂ ਵੱਧ ਵਿਅਕਤੀ ਲਾਪਤਾ ਹਨ। ਭੂਚਾਲ ਦੇ ਝਟਕਿਆਂ ਨੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਅਤੇ ਰਾਹਤ ਕੰਮਾਂ ਵਿੱਚ ਵੱਡੀਆਂ ਔਕੜਾਂ ਆ ਰਹੀਆਂ ਹਨ।
ਮੌਸਮ ਵਿਗਿਆਨੀ ਅਮੀਰ ਹੈਦਰ ਲੇਘਾਰੀ ਨੇ ਇਸ ਘਟਨਾ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਇਸ ਵਾਰ ਆਏ ਭੂਚਾਲ ਦਾ ਦਬਾਅ ਆਲੇ-ਦੁਆਲੇ ਦੀਆਂ ਹੋਰ ਫਾਲਟ ਲਾਈਨਾਂ 'ਤੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਖਾਸ ਤੌਰ 'ਤੇ ਚੇਤਾਵਨੀ ਦਿੱਤੀ ਕਿ ਬਲੋਚਿਸਤਾਨ ਦਾ ਖੇਤਰ ਵੀ ਫਾਲਟ ਲਾਈਨਾਂ 'ਤੇ ਸਥਿਤ ਹੈ, ਜਿਸ ਕਾਰਨ ਉੱਥੇ ਵੀ ਆਉਣ ਵਾਲੇ ਦਿਨਾਂ ਵਿੱਚ ਝਟਕੇ ਮਹਿਸੂਸ ਹੋ ਸਕਦੇ ਹਨ। ਹਾਲਾਤ 'ਤੇ ਨਜ਼ਰ ਰੱਖਣ ਦੀ ਸਲਾਹ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਲੋਚਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇੱਥੇ 5.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਕੋਹਲੂ ਤੋਂ 60 ਕਿਲੋਮੀਟਰ ਉੱਤਰ-ਪੂਰਬ ਵਿੱਚ 17 ਕਿਲੋਮੀਟਰ ਦੀ ਡੂੰਘਾਈ ਵਿੱਚ ਰਿਹਾ। ਝੋਬ, ਬਰਖਾਨ ਅਤੇ ਰਾਖਨੀ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਸ਼ਾਮ 4:48 ਵਜੇ ਆਇਆ ਸੀ।
ਖਬਰ ਅਪਡੇਟ ਕੀਤੀ ਜਾ ਰਹੀ ਹੈ.........................