Courtesy: x@airnewsalerts
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਸ਼ਿਫਾ ਹਸਪਤਾਲ ਵਿੱਚ ਜਾਂਚ ਤੋਂ ਬਾਅਦ ਵਾਪਸ ਅਦਿਆਲਾ ਜੇਲ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੜੀ ਸੁਰਖਿਆ ਦੇ ਵਿੱਚ ਹਸਪਤਾਲ ਭੇਜਿਆ ਗਿਆ ਸੀ। ਇਸ ਦੌਰਾਨ ਹਸਪਤਾਲ ਦੇ ਪੂਰੇ ਇਲਾਕੇ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਮੀਡੀਆ ਨੂੰ ਵੀ ਦੂਰ ਰੱਖਿਆ ਗਿਆ। ਇਮਰਾਨ ਖਾਨ ਦੇ ਅੱਗੇ ਪਿੱਛੇ ਅਤੇ ਹਸਪਤਾਲ ਦੇ ਅੰਦਰ ਪਾਕਿਸਤਾਨੀ ਸੈਨਾ ਅਤੇ ਪੁਲਿਸ ਨੂੰ ਤੈਨਾਤ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦੀ ਇਜ਼ਾਜਤ ਦੇ ਦਿੱਤੀ। ਡਾਕਟਰਾਂ ਮੁਤਾਬਕ ਜਾਂਚ ਤੋਂ ਬਾਅਦ ਉਹ ਜੇਲ੍ਹ 'ਚ ਸੁਰੱਖਿਅਤ ਹਨ। ਇਸਤੋਂ ਮਗਰੋਂ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਵਾਪਸ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ।
ਦਰਅਸਲ, ਅਦਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਸਿਹਤ, ਖਾਸ ਕਰਕੇ ਉਨ੍ਹਾਂ ਦੀਆਂ ਅੱਖਾਂ ਨਾਲ ਜੁੜੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਨੇ ਲਗਾਤਾਰ ਚਿੰਤਾ ਜਤਾਈ ਸੀ।
18 ਅਗਸਤ ਨੂੰ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਇਮਰਾਨ ਖਾਨ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਵਿੱਚ ਇਲਾਜ ਲਈ ਸ਼ਿਫਟ ਕਰਨ ਦਾ ਹੁਕਮ ਦਿੱਤਾ ਸੀ ਅਤੇ ਮੈਡੀਕਲ ਬੋਰਡ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਇਮਰਾਨ ਨੂੰ 16 ਸਤੰਬਰ ਤੱਕ ਹਸਪਤਾਲ ਰੱਖਣ ਦਾ ਵੀ ਹੁਕਮ ਦਿੱਤਾ ਸੀ। ਪਰ, ਕੋਰਟ ਦੇ ਹੁਕਮ ਦੇ ਬਾਵਜੂਦ ਵੀ ਹੁਣ ਸਾਬਕਾ ਪੀਐਮ ਨੂੰ ਜਾਂਚ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ।
ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਇਸ ਨੂੰ ਚੁਣੌਤੀ ਦਿੱਤੀ ਸੀ। ਸਰਕਾਰ ਦਾ ਕਹਿਣਾ ਸੀ ਕਿ ਇਮਰਾਨ ਖਾਨ ਨੂੰ ਇਲਾਜ ਤੋਂ ਵਾਂਝਾ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ, ਪਰ ਹਸਪਤਾਲ ਵਿੱਚ ਤਬਦੀਲੀ ਜੇਲ੍ਹ ਅਤੇ ਮੈਡੀਕਲ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਸਰਕਾਰ ਅਨੁਸਾਰ, ਇੱਕ ਕੈਦੀ ਨੂੰ ਇਸ ਤਰ੍ਹਾਂ ਦੀ ਵਿਸ਼ੇਸ਼ ਸਹੂਲਤ ਮਿਲਣ ਨਾਲ ਹੋਰ ਕੈਦੀਆਂ ਦੇ ਮਾਮਲਿਆਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਮੰਗਾਂ ਉੱਠ ਸਕਦੀਆਂ ਹਨ। ਹਾਲਾਂਕਿ, ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਇਤਰਾਜ਼ਾਂ ਤੋਂ ਬਾਅਦ ਸਰਕਾਰ ਨੇ ਆਪਣੀ ਅਪੀਲ ਵਾਪਸ ਲੈ ਲਈ ਸੀ।
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ PTI ਨੇ ਸਰਕਾਰ ਦੋਸ਼ ਲਾਏ ਸੀ ਕਿ ਸ਼ਹਬਾਜ਼ ਸ਼ਰੀਫ ਅਤੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਇਹ ਨਹੀਂ ਚਾਹੁੰਦੇ ਕਿ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਆਉਣ। PTI ਵੱਲੋਂ ਖਾਸ ਤੌਰ 'ਤੇ ਉਨ੍ਹਾਂ ਦੀਆਂ ਅੱਖਾਂ ਦੀ ਸਮੱਸਿਆ ਅਤੇ ਲੋੜੀਂਦੇ ਮਾਹਿਰ ਇਲਾਜ ਦਾ ਮੁੱਦਾ ਉਠਾਇਆ ਜਾਂਦਾ ਰਿਹਾ ਹੈ।