ਮਿਆਂਮਾਰ ਦੀ ਫੌਜ ਵੱਲੋਂ ਕੇਂਦਰੀ ਸਗਾਇੰਗ ਖੇਤਰ ਵਿੱਚ ਸਥਿਤ ਇੱਕ ਬੁੱਧ ਮੱਠ 'ਤੇ ਕੀਤੇ ਗਏ ਹਵਾਈ ਹਮਲੇ ਵਿੱਚ 14 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੱਠ ਵਿੱਚ 100 ਤੋਂ ਵੱਧ ਲੋਕ ਇੱਕ ਹਫ਼ਤਾਵਾਰੀ ਧਿਆਨ ਸਿਵਰ ਵਿੱਚ ਰੁੱਝੇ ਹੋਏ ਸਨ। ਵਿਰੋਧੀ ਸਮੂਹਾਂ ਅਤੇ ਸਥਾਨਕ ਸੂਤਰਾਂ ਮੁਤਾਬਕ, ਫੌਜੀ ਜਹਾਜ਼ ਨੇ ਮੱਠ ਦੇ ਅਹਾਤੇ ਵਿੱਚ ਸਿੱਧਾ ਬੰਬ ਸੁੱਟ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਖੇਤਰ ਵਿੱਚ ਆਮ ਨਾਗਰਿਕਾਂ ਦੀ ਜਾਨੀ ਨੁਕਸਾਨ ਨੂੰ ਲੈ ਕੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਇਹ ਹਮਲਾ ਮਿਆਂਮਾਰ ਦੇ ਸਗਾਇੰਗ ਖੇਤਰ ਦੇ ਮਯੌੰਗ ਸ਼ਹਿਰ ਦੇ ਸਵੇਲ ਲੇ ਓਹ ਪਿੰਡ ਵਿੱਚ ਸਵੇਰੇ ਕਰੀਬ 9 ਵਜੇ (ਸਥਾਨਕ ਸਮਾਂ) ਕੀਤਾ ਗਿਆ, ਜੋ ਮੰਡਾਲੇ ਸ਼ਹਿਰ ਤੋਂ ਲਗਭਗ 75 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸ ਸਮੇਂ ਮੱਠ ਵਿੱਚ ਇੱਕ ਧਿਆਨ ਸ਼ਿਵਰ ਚੱਲ ਰਿਹਾ ਸੀ, ਜਿਸ ਵਿੱਚ 100 ਤੋਂ ਵੱਧ ਸ਼ਰਧਾਲੂ ਅਤੇ ਭਿਕਸ਼ੂ ਭਾਗ ਲੈ ਰਹੇ ਸਨ। ਹਮਲੇ ਦੌਰਾਨ ਜਹਾਜ਼ ਨੇ ਪਹਿਲਾ ਬੰਬ ਮੱਠ ਦੇ ਅੰਦਰ ਸੁੱਟਿਆ, ਜਿਸ ਨਾਲ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਲ ਸਨ। ਲਗਭਗ 15 ਮਿੰਟਾਂ ਬਾਅਦ ਦੂਜਾ ਬੰਬ ਵੀ ਉਸੇ ਖੇਤਰ ਵਿੱਚ ਸੁੱਟਿਆ ਗਿਆ, ਜਿਸ ਨੇ ਨੇੜਲੇ ਇੱਕ ਘਰ ਨੂੰ ਤਬਾਹ ਕਰ ਦਿੱਤਾ।
ਮਯੌੰਗ ਟਾਊਨਸ਼ਿਪ ਦੀ ਸਿਵਲ ਡਿਫੈਂਸ ਐਂਡ ਸਿਕਿਓਰਿਟੀ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਓ.ਐੱਮ.) ਦੀ ਬੁਲਾਰਾ ਨਵੇ ਓਹੋ ਨੇ ਐਸੋਸੀਏਟਿਡ ਪ੍ਰੈੱਸ ਨੂੰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲੇ ਵਿੱਚ 14 ਲੋਕਾਂ ਦੀ ਮੌਤ ਅਤੇ 20 ਹੋਰ ਜ਼ਖਮੀ ਹੋਏ ਹਨ। ਇੱਕ ਸਥਾਨਕ ਵਸਨੀਕ ਨੇ ਵੀ ਗੁਮਨਾਮ ਰਹਿਣ ਦੀ ਸ਼ਰਤ 'ਤੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ ਕਿ ਹਮਲਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਹਾਹਾਕਾਰ ਮੱਚ ਗਈ ਅਤੇ ਲੋਕ ਇਕ-ਦੂਜੇ ਨੂੰ ਬਚਾਉਣ ਲਈ ਭੱਜਣ ਲੱਗੇ।
ਇਹ ਹਮਲਾ ਮਿਆਂਮਾਰ ਦੀ ਫੌਜ ਵੱਲੋਂ ਲੋਕਤੰਤਰ ਸਮਰਥਕਾਂ ਅਤੇ ਨਸਲੀ ਹਥਿਆਰਬੰਦ ਸਮੂਹਾਂ ਖ਼ਿਲਾਫ਼ ਚਲਾਈ ਜਾ ਰਹੀ ਨਿਰੰਤਰ ਹਵਾਈ ਮੁਹਿੰਮ ਦਾ ਹਿੱਸਾ ਹੈ। ਹਾਲ ਦੇ ਸਮੇਂ ਵਿੱਚ ਅਜਿਹੇ ਹਮਲਿਆਂ ਵਿੱਚ ਆਮ ਨਾਗਰਿਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਫੌਜੀ ਕਾਰਵਾਈ ਅਕਸਰ ਨਾਗਰਿਕ ਆਬਾਦੀ ਵਾਲੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਸ ਘਟਨਾ ਨੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਮਿਆਂਮਾਰ ਦੀ ਫੌਜ ਦੀਆਂ ਕਾਰਵਾਈਆਂ ਨੂੰ ਲੈ ਕੇ ਆਲੋਚਨਾ ਵੀ ਤੇਜ਼ ਕਰ ਦਿੱਤੀ ਹੈ।
ਹਮਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਆਪਣੇ ਘਰ ਛੱਡ ਕੇ ਨੇੜਲੇ ਪਿੰਡਾਂ ਵੱਲ ਪਨਾਹ ਲੈ ਲਈ। ਵਸਨੀਕਾਂ ਮੁਤਾਬਕ, ਇਸ ਖੇਤਰ ਵਿੱਚ ਅਜੇ ਵੀ ਖਤਰਾ ਬਣਿਆ ਹੋਇਆ ਹੈ ਅਤੇ ਉਹ ਫੌਜੀ ਹਮਲਿਆਂ ਦੇ ਡਰੋਂ ਆਪਣੇ ਘਰਾਂ ਵੱਲ ਵਾਪਸ ਨਹੀਂ ਜਾ ਰਹੇ। ਉਨ੍ਹਾਂ ਨੇ ਸੁਰੱਖਿਆ ਬਲਾਂ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਗੁਹਾਰ ਲਗਾਈ ਹੈ।