ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਸੰਬੰਧੀ ਆਪਣੇ ਰੁਖ਼ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਚੀਨ ਅਤੇ ਰੂਸ ਈਰਾਨ ਖ਼ਿਲਾਫ਼ ਜੰਗ ਵਿੱਚ ਸ਼ਾਮਲ ਨਹੀਂ ਹਨ। ਹਾਲਾਂਕਿ, ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਦੋਵੇਂ ਦੇਸ਼ ਇਸ ਸੰਘਰਸ਼ ਵਿੱਚ ਸਿੱਧੇ ਤੌਰ 'ਤੇ ਉਤਰੇ ਤਾਂ ਉਨ੍ਹਾਂ ਨੂੰ ਸਖ਼ਤ ਅੰਜਾਮ ਭੁਗਤਣੇ ਪੈਣਗੇ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦਿਆਂ ਦੱਸਿਆ ਕਿ ਬੀਜਿੰਗ ਵਿਖੇ ਹਾਲ ਹੀ ਵਿੱਚ ਹੋਈ ਮੁਲਾਕਾਤ ਦੌਰਾਨ ਸ਼ੀ ਜਿਨਪਿੰਗ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਚੀਨ ਈਰਾਨ ਨੂੰ ਹਥਿਆਰ ਨਹੀਂ ਭੇਜੇਗਾ, ਨਾ ਹੀ ਉੱਥੇ ਕੰਮ ਕਰ ਰਹੀਆਂ ਚੀਨੀ ਕੰਪਨੀਆਂ ਅਜਿਹਾ ਕਰਨਗੀਆਂ। ਟਰੰਪ ਨੇ ਕਿਹਾ, "ਮੈਨੂੰ ਸ਼ੀ ਜਿਨਪਿੰਗ 'ਤੇ ਪੂਰਾ ਭਰੋਸਾ ਹੈ।"
ਇਸ ਤੋਂ ਇਲਾਵਾ, ਟਰੰਪ ਨੇ ਖੁਲਾਸਾ ਕੀਤਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਰੂਸ ਈਰਾਨ ਨੂੰ ਕੋਈ ਹਥਿਆਰ ਨਹੀਂ ਵੇਚੇਗਾ। ਉਨ੍ਹਾਂ ਦੱਸਿਆ ਕਿ ਯੂਕ੍ਰੇਨ ਸੰਘਰਸ਼ ਦੇ ਬਾਵਜੂਦ ਉਨ੍ਹਾਂ ਦੀ ਪੁਤਿਨ ਨਾਲ ਗੱਲਬਾਤ ਜਾਰੀ ਹੈ।
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਚੀਨ ਈਰਾਨ ਦੀ ਖ਼ੁਦਮੁਖ਼ਤਿਆਰੀ, ਸੁਰੱਖਿਆ ਅਤੇ ਰਾਸ਼ਟਰੀ ਗੌਰਵ ਦੀ ਰੱਖਿਆ ਦੇ ਉਸ ਦੇ ਹਰ ਯਤਨ ਵਿੱਚ ਉਸ ਦਾ ਸਾਥ ਦੇਵੇਗਾ।
ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ਵਾਂਗ ਯੀ ਨੇ ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ 'ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ MoU ਸਮਝੌਤੇ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ, ਸਗੋਂ ਗੱਲਬਾਤ ਰਾਹੀਂ ਮੁੜ ਸਹਿਮਤੀ 'ਤੇ ਪਹੁੰਚਣਾ ਹੀ ਸਭ ਤੋਂ ਢੁੱਕਵਾਂ ਰਾਹ ਹੈ।
ਜਵਾਬ ਵਿੱਚ ਈਰਾਨੀ ਵਿਦੇਸ਼ ਮੰਤਰੀ ਅਰਾਘਚੀ ਨੇ ਕਿਹਾ ਕਿ ਈਰਾਨ ਦੀ ਗੱਲਬਾਤ ਕਰਨ ਦੀ ਇੱਛਾ ਕਦੇ ਨਹੀਂ ਬਦਲੀ ਅਤੇ ਉਹ ਸੰਘਰਸ਼ ਨੂੰ ਹੋਰ ਭੜਕਾਉਣਾ ਨਹੀਂ ਚਾਹੁੰਦਾ। ਉਨ੍ਹਾਂ ਇਸ ਸਮੇਂ ਈਰਾਨ-ਚੀਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਤਣਾਅ ਨੂੰ ਘਟਾਉਣ ਵਿੱਚ ਚੀਨ ਦੀ ਅਹਿਮ ਭੂਮਿਕਾ 'ਤੇ ਭਰੋਸਾ ਜਤਾਇਆ।
ਈਰਾਨੀ ਮੀਡੀਆ ਮੁਤਾਬਕ, ਬਹਿਰੀਨ ਸਥਿਤ ਅਮਰੀਕੀ ਫਿਫਥ ਫਲੀਟ ਦੇ ਨੌਸੈਨਿਕ ਠਿਕਾਣੇ 'ਤੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਵੱਡੇ ਧਮਾਕੇ ਹੋਏ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ, ਪਰ ਅਮਰੀਕੀ ਜਾਂ ਬਹਿਰੀਨੀ ਅਧਿਕਾਰੀਆਂ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀ ਕੰਪਨੀ ਦੇ ਅੰਕੜਿਆਂ ਅਨੁਸਾਰ, ਹੋਰਮੁਜ਼ ਸਟ੍ਰੇਟ ਵਿੱਚੋਂ ਜਹਾਜ਼ਾਂ ਦੀ ਆਵਾਜਾਈ ਆਮ ਪੱਧਰ 'ਤੇ ਨਹੀਂ ਆ ਸਕੀ ਹੈ। ਵੀਰਵਾਰ ਨੂੰ ਇਸ ਸਟ੍ਰੇਟ ਵਿੱਚੋਂ ਸਿਰਫ਼ 6 ਜਹਾਜ਼ ਹੀ ਲੰਘੇ, ਜੋ ਪਿਛਲੇ ਦਿਨ ਦੇ ਮੁਕਾਬਲੇ 60% ਘੱਟ ਹੈ। ਦੂਜੇ ਪਾਸੇ, ਬਾਬ ਅਲ-ਮੰਦਬ ਸਟ੍ਰੇਟ ਵਿੱਚੋਂ ਆਵਾਜਾਈ ਵਧੀ ਹੈ, ਜਿੱਥੇ ਉਸੇ ਦਿਨ 49 ਜਹਾਜ਼ਾਂ ਦੇ ਲੰਘਣ ਦੀ ਪੁਸ਼ਟੀ ਕੀਤੀ ਗਈ।