Courtesy: X@myogiadityanath
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਨੂੰ 'ਭਾਵ ਸਮਰਪਣ ਸਮਾਰੋਹ' (ਇੱਕ ਸ਼ਰਧਾਂਜਲੀ ਸਮਾਰੋਹ) ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਕਾਂਗਰਸ ਨੇਤਾ ਅਤੇ ਰਾਏਬਰੇਲੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਉਨ੍ਹਾਂ ਦੀਆਂ 'ਮਨੂਸਮ੍ਰਿਤੀ' ਸੰਬੰਧੀ ਟਿੱਪਣੀਆਂ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਯੋਗੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ, ਰਾਹੁਲ ਗਾਂਧੀ ਨੂੰ ਦੇਸ਼ ਦੇ ਲੋਕਤੰਤਰ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ।
ਆਪਣੇ ਭਾਸ਼ਣ ਦੌਰਾਨ ਯੋਗੀ ਆਦਿੱਤਿਆਨਾਥ ਨੇ ਕਿਹਾ, "ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਔਰਤਾਂ ਨੂੰ ਮਨੂਸਮ੍ਰਿਤੀ ਦੇ ਬੰਧਨਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵਿਰੋਧੀ ਧਿਰ ਦੇ ਰਾਹੁਲ ਗਾਂਧੀ ਦਾ ਅਹੁਦਾ ਇੱਕ ਸੰਵਿਧਾਨਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਲਈ ਇਸ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਲੋਕਤੰਤਰ ਪ੍ਰਤੀ ਜਵਾਬਦੇਹ ਰਹਿਣਾ ਚਾਹੀਦਾ ਹੈ।
ਯੋਗੀ ਅਦਿਤਯਨਾਥ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਸੰਵਿਧਾਨ ਦੀ ਸਹੁੰ ਚੁੱਕਣ ਦੇ ਬਾਵਜੂਦ ਭਾਰਤੀ ਪਰੰਪਰਾ ਅਤੇ ਵਿਰਾਸਤ 'ਤੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਤੋਂ ਬਾਹਰ ਜਾਂਦੇ ਹਨ ਤਾਂ ਕਥਿਤ ਤੌਰ 'ਤੇ ਸੂਬੇ ਦੀ ਨਿੰਦਾ ਕਰਦੇ ਹਨ ਅਤੇ ਦੇਸ਼ ਤੋਂ ਬਾਹਰ ਜਾਂਦੇ ਹਨ ਤਾਂ ਭਾਰਤ ਦਾ ਅਪਮਾਨ ਕਰਦੇ ਹਨ।
ਇਸ ਦੌਰਾਨ ਯੂਪੀ ਸੀਐਮ ਨੇ ਅੱਤਵਾਦ ਵਿਰੁੱਧ ਦੇਸ਼ ਦੀ ਲੜਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਦੀਆਂ ਕੁਝ ਗਤੀਵਿਧੀਆਂ ਜਾਂ ਬਿਆਨ ਅਜਿਹੇ ਤੱਤਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਹੌਸਲਾ ਦੇ ਸਕਦੇ ਹਨ, ਜੋ ਦੇਸ਼ ਦੀ ਸੁਰੱਖਿਆ ਲਈ ਚੁਣੌਤੀ ਹਨ। ਉਨ੍ਹਾਂ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਨਾਲ ਜੁੜੇ ਮੁੱਦੇ ਦਾ ਵੀ ਹਵਾਲਾ ਦਿੱਤਾ ਅਤੇ ਕਾਂਗਰਸ 'ਤੇ ਸਵਾਲ ਚੁੱਕੇ। ਯੋਗੀ ਨੇ ਕਿਹਾ ਕਿ ਲੋਕਤੰਤਰ ਪ੍ਰਤੀ ਕਾਂਗਰਸ ਦੀ ਵਚਨਬੱਧਤਾ ਨੂੰ ਸਮਝਣ ਲਈ ਦੇਸ਼ ਨੇ 1975 ਦੀ ਐਮਰਜੈਂਸੀ ਦਾ ਦੌਰ ਵੀ ਦੇਖਿਆ ਹੈ।
ਆਪਣੇ ਬਿਆਨ ਵਿੱਚ ਯੋਗੀ ਨੇ ਰਾਹੁਲ 'ਤੇ ਹਮਲਾ ਕਰਦਿਆਂ ਕਿਹਾ ਕਿ ਜੇਕਰ ਤੁਸੀ ਮਨੁਸਮ੍ਰਿਤੀ ਨੂੰ ਸਮਝਣਾ ਚਾਹੁੰਦੇ ਹੋ ਤਾਂ, ਅਰਥਵੇਦ, ਸ਼ਤਪਥ, ਬ੍ਰਾਹਮਣ ਅਤੇ ਮਤਸਯ ਪੁਰਾਣ ਪੜ੍ਹੋ। ਇਸ ਵਿੱਚ ਸਾਰੀ ਜਾਣਕਾਰੀ ਮਿਲ ਜਾਵੇਗੀ।
ਉਨ੍ਹਾਂ ਕਿਹਾ ਕਿ ਜੇ ਮਨੁਸਮ੍ਰਿਤੀ ਨੇ ਅਜਿਹਾ ਕਿਹਾ ਹੈ ਤਾਂ ਤੁਸੀ ਹੀ ਦੱਸੋ ਇਸਦਾ ਸਹੀ ਮਤਲਬ ਕੀ ਹੈ? ਤੁਸੀ ਭਾਰਤ ਦੇ ਬੱਚਿਆਂ ਨੂੰ ਗੱਲ ਦਿਸ਼ਾ ਵੱਲ ਲਿਜਾਣਾ ਚਾਹੁੰਦੇ ਹੋ ਕਿ ਬਾਅਦ 'ਚ ਕਿਸੇ ਮਾਂ-ਬਾਪ ਜਾਂ ਬੱਚੇ ਨੂੰ ਸ਼ਰਮਿੰਦਾ ਹੋਣਾ ਪਵੇ। ਤੁਸੀ ਦੇਖਿਆ ਹੀ ਹੋਣਾ ਕਿ ਜੰਤਰ-ਮੰਤਰ ਦੌਰਾਨ ਇੱਕ ਲੜਕੀ ਨੇ ਪੀਐਮ ਮੋਦੀ ਖਿਲਾਫ਼ ਗਲਤ ਭਾਸ਼ਾ ਬੋਲੀ ਸੀ, ਪਰ ਬਾਅਦ 'ਚ ਇਸਦਾ ਅਹਿਸਾਸ ਹੋਣ ਮਗਰੋਂ ਉਸਨੇ ਮੁਆਫੀ ਮੰਗੀ ਅਤੇ ਆਪਣਾ ਬਿਆਨ ਵਾਪਸ ਲੈ ਲਿਆ ਸੀ।
ਯੋਗੀ ਆਦਿਤਿਆਨਾਥ ਨੇ ਸਮਾਜ ਅਤੇ ਪਰਿਵਾਰ ਵਿੱਚ ਔਰਤਾਂ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਸਵਾਲ ਉਠਾਇਆ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਮਾਂ, ਭੈਣ, ਪਤਨੀ ਜਾਂ ਧੀ ਦੇ ਰੂਪ ਵਿੱਚ ਔਰਤ ਦੀ ਭੂਮਿਕਾ ਤੋਂ ਕੌਣ ਅਛੂਤਾ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਣ ਵਿਅਕਤੀ ਹੈ? ਕੀ ਪਿਤਾ ਤੋਂ ਬਿਨਾ ਕੋਈ ਧੀ ਹੋ ਸਕਦੀ ਹੈ? ਜਾਂ ਭਰਾ ਤੋਂ ਬਿਨਾ ਭੈਣ ਹੋ ਸਕਦੀ ਹੈ? ਪਤੀ ਤੋਂ ਬਿਨਾ ਪਤਨੀ ਨਹੀਂ ਅਤੇ ਪਤਨੀ ਤੋਂ ਬਿਨਾ ਪਤੀ ਨਹੀ। ਉਨ੍ਹਾਂ ਮਾਂ, ਧੀ, ਭੈਣ ਅਤੇ ਪਤਨੀ ਵਰਗੇ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਦੇ ਬਿਆਨ 'ਤੇ ਸਵਾਲ ਖੜ੍ਹੇ ਕੀਤੇ।
ਦਰਅਸਲ, ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪੁਣੇ ਵਿੱਚ 'ਛਤਰੋਂ ਕੀ ਗੂੰਜ' (ਵਿਦਿਆਰਥੀਆਂ ਦੀ ਆਵਾਜ਼) ਪ੍ਰੋਗਰਾਮ ਦੌਰਾਨ ਮਨੁਸਮ੍ਰਿਤੀ ਦਾ ਜ਼ਿਕਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਮਨੁਸਮ੍ਰਿਤੀ ਵਿੱਚ ਔਰਤਾਂ ਬਾਰੇ ਲਿਖੇ ਇੱਕ ਹਵਾਲੇ ਨੂੰ ਸ਼ਰਮਨਾਕ ਕਰਾਰ ਦਿੱਤਾ ਸੀ। ਰਾਹੁਲ ਗਾਂਧੀ ਨੇ ਔਰਤਾਂ ਨੂੰ ਅਜਿਹੀਆਂ ਸਮਾਜਿਕ ਪਾਬੰਦੀਆਂ ਤੋਂ ਬਾਹਰ ਨਿਕਲਣ ਦੀ ਗੱਲ ਕਹੀ ਸੀ। ਰਾਹੁਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ। ਯੋਗੀ ਆਦਿਤਿਆਨਾਥ ਦੀ ਤਾਜ਼ਾ ਟਿੱਪਣੀ ਨੂੰ ਵੀ ਇਸੇ ਸਿਆਸੀ ਵਿਵਾਦ ਦੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ।