Courtesy: X@VyomPallav
ਚੰਡੀਗੜ੍ਹ: ਪੁਲਿਸ ਨੇ ਬੀਤੀ ਰਾਤ ਕਾਰਵਾਈ ਕਰਦਿਆਂ ਸੈਕਟਰ 43 ਸਥਿਤ ਬੱਸ ਅਡੇ ਦੇ ਨਜ਼ਦੀਕ ਇੱਕ ਤਾਕਤਵਰ ਧਮਾਕਾ-ਸਾਮੱਗਰੀ (IED) ਬਰਾਮਦ ਕੀਤੀ। ਇਸਦੇ ਨਾਲ ਹੀ ਤਿੰਨ ਨੌਜਵਾਨਾਂ ਨੂੰ ਵੀ ਕਾਬੂ ਕੀਤੀ ਸੀ ਅਤੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਸੈਕਟਰ-36 ਥਾਣੇ ਲਿਜਾਇਆ ਗਿਆ। ਇਨ੍ਹਾਂ ਵਿਅਕਤੀਆਂ ਕੋਲੋਂ ਪੁਲਿਸ ਨੇ ਪਿਸਤੌਲ, ਜੈਲੇਟਿਨ ਸਟਿਕ ਵਿਸਫੋਟਕ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ। ਹੁਣ ਹਾਲ ਹੀ 'ਚ ਇਸ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ।
ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਨੌਜਵਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ ਹੋਏ ਹਨ। ਇਨ੍ਹਾਂ ਦਾ ਸੰਪਰਕ ਵਿਦੇਸ਼ 'ਚ ਬੈਠੇ ਸਤਨਾਮ ਸੱਤਾ ਨੌਸ਼ਹਿਰਾ ਦੇ ਨਾਲ ਸੀ, ਜਿਸਦੇ ਕਹਿਣ 'ਤੇ ਤਿੰਨੋ ਚੰਡੀਗੜ੍ਹ ਵਿੱਚ ਟਿਫ਼ਨ ਬੰਬ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਪੁਲਿਸ ਨੇ ਤਿੰਨਾ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸਦੇ ਨਾਲ ਹੀ ਚੰਡੀਗੜ੍ਹ ਪੁਲਿਸ ਤਿੰਨਾਂ ਨੌਜਵਾਨਾਂ ਦੇ ਅਗਲੇ ਨੈੱਟਵਰਕ ਅਤੇ ਇਸ ਵਾਰਦਾਤ ਵਿੱਚ ਹੋਰ ਜਾਣਕਾਰੀ ਵੀ ਜੁਟਾ ਰਹੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਨੇ ਬੀਤੀ ਦੇਰ ਰਾਤ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ 43 ਵਿਖੇ ਸਥਿਤ ਬੱਸ ਅੱਡੇ ਦੇ ਨੇੜਿਓਂ ਇੱਕ ਬੈਗ ਵਿੱਚੋਂ ਟਿਫ਼ਨ ਬੰਬ ਬਰਾਮਦ ਕੀਤਾ ਸੀ। ਖੁਸ਼ਕਿਸਮਤੀ ਨਾਲ ਇਹ ਬੰਬ ਫਟਿਆ ਨਹੀ। ਪੁਿਲਸ ਨੂੰ ਇਹ ਬੈਗ ਬੱਸ ਅੱਡੇ ਦੇ ਪਿੱਛੇ ਘਣੇ ਜੰਗਲ ਵਿੱਚੋਂ ਮਿਲਿਆ, ਜਿਸ ਵਿੱਚ ਧਮਾਕਾ-ਸਮੱਗਰੀ ਰੱਖੀ ਹੋਈ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਸਪਸ਼ੱਟ ਹੋ ਗਿਆ ਕਿ ਬਰਾਮਦ ਆਈ.ਈ.ਡੀ. ਕੰਮ ਨਹੀਂ ਕਰ ਰਿਹਾ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਪੁਲਿਸ ਵੱਲੋਂ ਹਿਰਾਸਤ 'ਚ ਲਏ ਗਏ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ (19 ਸਾਲਾ ਲਵਪ੍ਰੀਤ ਸਿੰਘ , 21 ਸਾਲਾ ਜਸ਼ਨਪ੍ਰੀਤ ਸਿੰਘ) ਤਰਨ ਤਾਰਨ ਤੋਂ ਹਨ, ਜਦੋਂ ਕਿ 19 ਸਾਲਾ ਪ੍ਰਭਪ੍ਰੀਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।