Courtesy: X@ocjain4
ਨਵੀਂ ਦਿੱਲੀ: ਬੰਬੇ ਹਾਈ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਦੀ ਸਜ਼ਾ 'ਤੇ ਫੈਸਲਾ ਸੁਣਾਇਆ ਹੈ। ਇਸਤੋਂ ਪਹਿਲਾਂ ਕੋਰਟ ਨੇ ਦੋਨੋਂ ਪੱਖਾ ਦੀਆਂ ਦਲੀਲਾਂ ਸੁਣਈ। ਇੱਕ ਪਾਸੇ ਤਰੁਣ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਉਸਦਾ ਪਹਿਲਾ ਅਪਰਾਧ ਹੈ ਅਤੇ 2013 ਦੀ ਘਟਨਾ ਤੋਂ ਬਾਅਦ ਉਹ ਜ਼ਮਾਨਤ 'ਤੇ ਹੈ। ਇਸਦੇ ਨਾਲ ਹੀ ਉਨ੍ਹਾਂ ਤਰੁਣ ਨੂੰ ਘੱਟ ਸਜ਼ਾ ਦੇਣ ਅਤੇ ਸਰੇਂਡਰ ਕਰਨ ਲਈ 8 ਹਫ਼ਤਿਆਂ ਦਾ ਸਮਾਂ ਮੰਗਿਆ। ਦੂਜੇ ਪਾਸੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ।
ਤੁਸ਼ਾਰ ਮਹਿਤਾ ਨੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਤਰੁਣ ਤੇਜਪਾਲ ਪੀੜਿਤਾ ਲਈ ਇੱਕ ਪਿਤਾ ਵਾਂਗ ਸਨ ਅਤੇ ਘਟਨਾ ਨੂੰ ਅੰਜਾਮ ਦੇਣ ਵੇਲੇ ਉਸਨੇ ਪੀੜਿਤਾ ਦੀ ਇੱਕ ਨਹੀਂ ਸੁਣੀ। ਹਾਲਾਂਕਿ, ਬਾਅਦ ਵਿੱਚ ਉਸ ਵੱਲੋਂ ਕੋਈ ਪਛਤਾਵਾ ਵੀ ਨਹੀਂ ਦਿਖਾਇਆ ਗਿਆ।
ਦੋਵੇਂ ਪੱਖਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ। ਭਾਰਤੀ ਦੰਡ ਸੰਹਿਤਾ ਦੀ ਧਾਰਾ 376(2)(f) ਦੇ ਤਹਿਤ, ਤੇਜਪਾਲ ਨੂੰ 10 ਸਾਲ ਦੀ ਸਖ਼ਤ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਧਾਰਾ 376(2)(k) ਦੇ ਤਹਿਤ ਵੀ 10 ਸਾਲ ਦੀ ਸਖ਼ਤ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਇਸ ਤੋਂ ਇਲਾਵਾ, ਧਾਰਾ 354 ਦੇ ਤਹਿਤ ਉਸਨੂੰ ਇੱਕ ਸਾਲ ਦੀ ਸਖ਼ਤ ਕੈਦ ਅਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਦੋਂ ਕਿ ਧਾਰਾ 354A ਦੇ ਤਹਿਤ ਇੱਕ ਸਾਲ ਦੀ ਸਖ਼ਤ ਕੈਦ ਅਤੇ ਜੁਰਮਾਨਾ ਵੀ ਲਗਾਇਆ ਗਿਆ। ਧਾਰਾ 354B ਦੇ ਤਹਿਤ, ਅਦਾਲਤ ਨੇ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ।
ਇਹ ਮਾਮਲਾ 2013 ਦਾ ਹੈ, ਜਦੋਂ ਗੋਆ ਵਿੱਚ ਹੋਏ ਇੱਕ ਪ੍ਰਸਿੱਧ ਸਮਾਗਮ ਦੌਰਾਨ ਉਨ੍ਹਾਂ ਦੀ ਇਕ ਸਹਿਕਰਮੀ ਨੇ ਦੋਸ਼ ਲਗਾਇਆ ਸੀ ਕਿ ਇੱਕ ਹੋਟਲ ਦੀ ਲਿਫ਼ਟ ਵਿੱਚ ਉਸ ਨਾਲ ਜਬਰਦਸਤੀ ਅਤੇ ਜਿਣਸੀ ਸ਼ੋਸ਼ਣ ਕੀਤਾ ਗਿਆ। ਇਸ ਮਾਮਲੇ ਵਿੱਚ, ਗੋਆ ਦੀ ਸੈਸ਼ਨ ਅਦਾਲਤ ਨੇ ਤਰੁਣ ਨੂੰ ਮਈ 2021 ਵਿੱਚ ਬਰੀ ਕਰ ਦਿੱਤਾ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਪੇਸ਼ ਕੀਤੇ ਗਏ ਸਬੂਤ ਦੋਸ਼ ਸਾਬਤ ਕਰਨ ਲਈ ਕਾਫ਼ੀ ਨਹੀਂ ਹਨ। ਇਸਤੋਂ ਬਾਅਦ ਗੋਆ ਸਰਕਾਰ ਨੇ ਇਸ ਫੈਸਲੇ ਨੂੰ ਬੰਬੇ ਹਾਈਕੋਰਟ 'ਚ ਚੁਣੋਤੀ ਦਿੱਤੀ ਸੀ।
ਬੰਬੇ ਹਾਈ ਕੋਰਟ ਨੇ ਗੋਆ ਦੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਤਰੁਣ ਨੂੰ ਦੋਸ਼ੀ ਠਹਿਰਾਇਆ ਅਤੇ ਹੁਣ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।