menu-icon
Punjabi Story Line
  • Home
  • News
  • National
  • ਫੁਕੇਟ-ਦਿੱਲੀ ਏਅਰ ਇੰਡੀਆ ਦੀ ਫਲਾਈਟ ਭਿਆਨਕ ਟਰਬੂਲੈਂਸ ਦੀ ਸ਼ਿਕਾਰ, 15 ਯਾਤਰੀ ਤੇ ਕਰੂ ਜ਼ਖ਼ਮੀ

ਫੁਕੇਟ-ਦਿੱਲੀ ਏਅਰ ਇੰਡੀਆ ਦੀ ਫਲਾਈਟ ਭਿਆਨਕ ਟਰਬੂਲੈਂਸ ਦੀ ਸ਼ਿਕਾਰ, 15 ਯਾਤਰੀ ਤੇ ਕਰੂ ਜ਼ਖ਼ਮੀ

ਫਲਾਈਟ 'ਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਉਡਾਣ ਭਰਨ ਦੇ ਕਰੀਬ ਡੇਢ ਘੰਟੇ ਬਾਅਦ ਅਚਾਨਕ ਜਹਾਜ਼ ਨੂੰ ਤੇਜ਼ ਹਵਾ ਦੇ ਝੱਖੜ ਆਏ। ਸਵੇਰ ਦਾ ਸਮਾਂ ਸੀ, ਜ਼ਿਆਦਾਤਰ ਯਾਤਰੀ ਸੌਂ ਰਹੇ ਸਨ, ਜਦੋਂ ਵਿਮਾਨ 2-3 ਮਿੰਟਾਂ ਲਈ ਬੁਰੀ ਤਰ੍ਹਾਂ ਹਿੱਲਣ ਅਤੇ ਪਲਟੀ ਖਾਣ ਲੱਗਿਆ, ਜਿਸ ਕਾਰਨ ਯਾਤਰੀਆਂ 'ਚ ਭਗਦੜ ਮੱਚ ਗਈ।

Date Updated Last Updated : 04 August 2026, 07:08 PM IST
Share:

ਏਅਰ ਇੰਡੀਆ ਦੀ ਫਲਾਈਟ AI2379, ਜੋ ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਸੀ, ਮੰਗਲਵਾਰ ਨੂੰ ਅਕਾਸ਼ ਵਿੱਚ ਭਿਆਨਕ ਟਰਬੂਲੈਂਸ ਦਾ ਸਾਹਮਣਾ ਕਰਨ ਤੋਂ ਬਾਅਦ ਵੱਡਾ ਹਾਦਸਾ ਹੋਣ ਤੋਂ ਬਚ ਗਈ। ਰਿਪੋਰਟਾਂ ਮੁਤਾਬਕ ਵਿਮਾਨ ਅਚਾਨਕ 300 ਫੁੱਟ ਤੱਕ ਹੇਠਾਂ ਆ ਗਿਆ, ਜਿਸ ਨਾਲ 15 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੱਟਾਂ ਆਈਆਂ। ਪਾਇਲਟ ਦੀ ਸੂਝ-ਬੂਝ ਨੇ 134 ਯਾਤਰੀਆਂ ਅਤੇ 8 ਕਰੂ ਮੈਂਬਰਾਂ ਦੀ ਜਾਨ ਬਚਾਈ ਅਤੇ ਜਹਾਜ਼ ਨੂੰ ਦਿੱਲੀ ਏਅਰਪੋਰਟ 'ਤੇ ਸੁਰੱਖਿਅਤ ਲੈਂਡ ਕਰਵਾ ਲਿਆ।

ਉਡਾਨ ਦੌਰਾਨ ਅਚਾਨਕ ਝਟਕਿਆਂ ਨੇ ਵਧਾਈ ਦਹਿਸ਼ਤ

ਫਲਾਈਟ 'ਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਉਡਾਣ ਭਰਨ ਦੇ ਕਰੀਬ ਡੇਢ ਘੰਟੇ ਬਾਅਦ ਅਚਾਨਕ ਜਹਾਜ਼ ਨੂੰ ਤੇਜ਼ ਹਵਾ ਦੇ ਝੱਖੜ ਆਏ। ਸਵੇਰ ਦਾ ਸਮਾਂ ਸੀ, ਜ਼ਿਆਦਾਤਰ ਯਾਤਰੀ ਸੌਂ ਰਹੇ ਸਨ, ਜਦੋਂ ਵਿਮਾਨ 2-3 ਮਿੰਟਾਂ ਲਈ ਬੁਰੀ ਤਰ੍ਹਾਂ ਹਿੱਲਣ ਅਤੇ ਪਲਟੀ ਖਾਣ ਲੱਗਿਆ, ਜਿਸ ਕਾਰਨ ਯਾਤਰੀਆਂ 'ਚ ਭਗਦੜ ਮੱਚ ਗਈ।

15 ਜ਼ਖਮੀ, 7 ਨੂੰ ਫੋਰਟਿਸ ਹਸਪਤਾਲ 'ਚ ਕਰਵਾਇਆ ਭਰਤੀ

ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ (DGCA) ਨੇ ਖਬਰ ਏਜੰਸੀ ਪੀਟੀਆਈ ਨੂੰ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ 11 ਯਾਤਰੀ ਅਤੇ 4 ਕਰੂ ਮੈਂਬਰਾਂ ਸਮੇਤ 15 ਲੋਕ ਜ਼ਖ਼ਮੀ ਹੋਏ ਹਨ। ਘਾਇਲਾਂ ਵਿੱਚੋਂ ਕੁਝ ਨੂੰ ਏਅਰਪੋਰਟ ਮੈਡੀਕਲ ਸੈਂਟਰ 'ਚ ਪ੍ਰਾਥਮਿਕ ਇਲਾਜ ਮਗਰੋਂ ਛੱਡ ਦਿੱਤਾ ਗਿਆ, ਜਦਕਿ 7 ਗੰਭੀਰ ਰੂਪ ਨਾਲ ਜ਼ਖ਼ਮੀ ਯਾਤਰੀਆਂ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਏਅਰ ਇੰਡੀਆ ਦਾ ਬਿਆਨ- ‘ਕਿਸੇ ਦੀ ਹਾਲਤ ਗੰਭੀਰ ਨਹੀਂ’

ਏਅਰ ਇੰਡੀਆ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਸਾਰੇ ਯਾਤਰੀ ਤੇ ਕਰੂ ਸੁਰੱਖਿਅਤ ਹਨ, ਪਰ ਬਾਅਦ ਵਿੱਚ ਉਨ੍ਹਾਂ ਨੇ ਜ਼ਖ਼ਮੀਆਂ ਹੋਣ ਦੀ ਪੁਸ਼ਟੀ ਕੀਤੀ। ਕੰਪਨੀ ਮੁਤਾਬਕ ਕਿਸੇ ਯਾਤਰੀ ਦੀ ਹਾਲਤ ਚਿੰਤਾਜਨਕ ਨਹੀਂ ਹੈ, ਅਤੇ ਸਾਰੇ ਘਾਇਲਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਜਹਾਜ਼ ਦੀ ਸੀਲਿੰਗ 'ਚ ਪਈਆਂ ਦਰਾਰਾਂ

ਹਾਦਸੇ ਤੋਂ ਬਾਅਦ ਫਲਾਈਟ ਦੀਆਂ ਅੰਦਰੂਨੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਜਹਾਜ਼ ਦੀ ਛੱਤ (ਸੀਲਿੰਗ) ਦੇ ਪੈਨਲਾਂ 'ਤੇ ਸਪੱਸ਼ਟ ਦਰਾਰਾਂ ਨਜ਼ਰ ਆ ਰਹੀਆਂ ਹਨ। ਇਹ ਝਟਕਿਆਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਹਾਲਾਂਕਿ ਪਾਇਲਟ ਨੇ ਹੁਨਰਮੰਦੀ ਨਾਲ ਜਹਾਜ਼ ਨੂੰ ਨਿਯੰਤਰਣ ਵਿੱਚ ਰੱਖਿਆ।

70-80% ਯਾਤਰੀਆਂ ਨੂੰ ਮਾਮੂਲੀ ਸੱਟਾਂ, DGCA ਕਰੇਗੀ ਜਾਂਚ

ਇੱਕ ਯਾਤਰੀ ਮੁਤਾਬਕ ਕਰੀਬ 70-80% ਯਾਤਰੀਆਂ ਨੂੰ ਮਾਮੂਲੀ ਖ਼ਰੋਚਾਂ ਜਾਂ ਨਿੱਕੀਆਂ ਸੱਟਾਂ ਆਈਆਂ, ਜਦਕਿ 10-15 ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। DGCA ਨੇ ਇਸ ਘਟਨਾ ਦੀ ਅਧਿਕਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਟਰਬੂਲੈਂਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਸਕਣ।

ਕੀ ਹੁੰਦੀ ਹੈ ਟਰਬੂਲੈਂਸ?

ਟਰਬੂਲੈਂਸ ਹਵਾ ਦੀ ਗਤੀ ਅਤੇ ਦਿਸ਼ਾ ਵਿੱਚ ਅਚਾਨਕ ਬਦਲਾਅ ਕਾਰਨ ਪੈਦਾ ਹੁੰਦੀ ਹੈ, ਜਿਸ ਨਾਲ ਜਹਾਜ਼ ਨੂੰ ਤੇਜ਼ ਝਟਕੇ ਲੱਗਦੇ ਹਨ। ਇਸ ਕਾਰਨ ਕਈ ਵਾਰ ਵਿਮਾਨ ਉੱਪਰ-ਹੇਠਾਂ ਜਾਂ ਖੱਬੇ-ਸੱਜੇ ਹਿੱਲ ਸਕਦਾ ਹੈ ਅਤੇ ਕੁਝ ਫੁੱਟ ਹੇਠਾਂ ਤੱਕ ਆ ਸਕਦਾ ਹੈ। ਮਾਹਿਰਾਂ ਅਨੁਸਾਰ ਆਮ ਤੌਰ 'ਤੇ ਇਹ ਖ਼ਤਰਨਾਕ ਨਹੀਂ ਹੁੰਦੀ, ਪਰ ਯਾਤਰੀਆਂ ਵਿੱਚ ਡਰ ਅਤੇ ਸਰੀਰਕ ਸੱਟਾਂ ਦਾ ਕਾਰਨ ਬਣ ਸਕਦੀ ਹੈ।

Tags :

Recent News