ਹਰਿਆਣਵੀ ਕਲਾਕਾਰ ਨਵੀਨ ਨਾਰੂ ਨੂੰ ਇੱਕ ਔਰਤ ਨਾਲ ਜ਼ਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਹਰਿਆਣਾ ਦੀ ਹਾਂਸੀ ਪੁਲਿਸ ਨੇ ਅਦਾਲਤ 'ਚ ਪੇਸ਼ ਕਰਨ ਮਗਰੋਂ ਇਸ ਕਲਾਕਾਰ ਨੂੰ ਜੇਲ੍ਹ ਭੇਜ ਦਿੱਤਾ। ਡੀਐਸਪੀ ਰਵਿੰਦਰ ਸਾਂਗਵਾਨ ਨੇ ਦੱਸਿਆ ਕਿ ਹਰਿਆਣਵੀ ਕਲਾਕਾਰ ਖ਼ਿਲਾਫ਼ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ।
ਨਿੱਜੀ ਸਕੂਲ ਦੀ ਅਧਿਆਪਕਾ ਹੈ ਪੀੜਤਾ
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੋਸ਼ ਲਗਾਇਆ ਸੀ ਕਿ ਉਸਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਔਰਤ ਨੇ ਦੱਸਿਆ ਸੀ ਕਿ ਉਹ ਇੱਕ ਪ੍ਰਾਈਵੇਟ ਸਕੂਲ 'ਚ ਅਧਿਆਪਕ ਹੈ। ਉਹ ਸਾਲ 2020 ਵਿੱਚ ਹਰਿਆਣਵੀ ਕਲਾਕਾਰ ਨਵੀਨ ਦੇ ਸੰਪਰਕ ਵਿੱਚ ਆਈ ਸੀ। ਉਸ ਸਮੇਂ ਨਵੀਨ ਨਾਰੂ ਨੇ ਉਸਨੂੰ ਫ਼ਿਲਮੀ ਕਲਾਕਾਰ ਬਣਾਉਣ ਤੇ ਪੈਸੇ ਦੇਣ ਬਹਾਨੇ ਉਸ ਨਾਲ ਦੋਸਤੀ ਕੀਤੀ ਸੀ। ਜਿਸਤੋਂ ਬਾਅਦ ਉਹ ਉਸਦੇ ਝਾਂਸੇ 'ਚ ਆ ਗਈ। ਕੁਝ ਸਮੇਂ ਬਾਅਦ ਉਸਨੂੰ ਆਪਣੇ ਘਰ ਬੁਲਾਇਆ। ਚਾਹ 'ਚ ਨਸ਼ੀਲੀ ਚੀਜ਼ ਪਿਆ ਕੇ ਉਸਨੂੰ ਬੇਹੋਸ਼ ਕਰਕੇ ਜ਼ਬਰ ਜਨਾਹ ਕੀਤਾ। ਉਸ ਨਾਲ ਵਿਆਹ ਕਰਾਉਣ ਦਾ ਲਾਰਾ ਲਾਇਆ ਗਿਆ। ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕੀਤਾ ਗਿਆ।