Punjab News: ਕਿਸਾਨੀ ਅੰਦੋਲਨ ਦੇ ਚੱਲਦੇ ਦਿੱਲੀ ਹਵਾਈ ਅੱਡੇ 'ਤੇ ਜਾਣ ਵਾਲੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਯਾਤਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਸਰਕਾਰੀ ਵੋਲਵੋ ਬੱਸਾਂ ਦੀ ਆਵਾਜਾਈ ਹੁਣ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਪੰਜਾਬ ਰੋਡਵੇਜ਼ ਡਿਪੂ-1 ਦੇ ਜੀਐਮ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਬੱਸਾਂ ਦੁਪਹਿਰ 1 ਵਜੇ ਤੋਂ ਰਾਤ 8.30 ਵਜੇ ਤੱਕ ਚੱਲਣਗੀਆਂ। ਇਸ ਨੂੰ ਆਨਲਾਈਨ ਵੀ ਬੁੱਕ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪੁਰਾਣੀ ਵੈੱਬਸਾਈਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ ਤਾਂ ਜੋ ਉਕਤ ਬੁਕਿੰਗ ਕਰਵਾਈ ਜਾ ਸਕੇ।
ਫਿਲਹਾਲ ਚੱਲਣਗੀਆਂ ਦੋ ਬੱਸਾਂ
ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਕਿਸਾਨਾਂ ਦੇ ਧਰਨੇ ਕਾਰਨ ਦਿੱਲੀ ਨੂੰ ਜਾਣ ਵਾਲੇ ਸਿੱਧੇ ਰਸਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਵਿਭਾਗ ਵੱਲੋਂ ਦਿੱਲੀ ਜਾਣ ਵਾਲੀਆਂ ਸਰਕਾਰੀ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ ਪਰ ਪ੍ਰਾਈਵੇਟ ਬੱਸਾਂ ਲਗਾਤਾਰ ਚੱਲ ਰਹੀਆਂ ਹਨ। ਜੀਐਮ ਮਨਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ 2 ਬੱਸਾਂ ਚਲਾਈਆਂ ਗਈਆਂ ਹਨ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ, ਹਾਲਾਂਕਿ ਇਸ ਦੀ ਮੰਗ ਜ਼ਿਆਦਾ ਹੈ।