Sidhu V/s Raja Wadding: ਪੰਜਾਬ ਕਾਂਗਰਸ ਵਿੱਚ ਸਭ ਕੁੱਝ ਠੀਕ ਨਹੀਂ ਚਲ ਰਿਹਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿੱਚ ਵੀ ਦਰਾੜ ਪੈਂਦੀ ਨਜ਼ਰ ਆ ਰਹੀ ਹੈ। ਰੈਲੀ ਨੂੰ ਲੈ ਕੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਆਹਮੋ-ਸਾਹਮਣੇ ਆ ਗਏ ਹਨ। ਪਾਰਟੀ 'ਚ 'ਆਪਣਾ ਡਫਲੀ, ਆਪਣਾ ਰਾਗ' ਦੀ ਤਰਜ਼ 'ਤੇ ਨਵਜੋਤ ਸਿੰਘ ਸਿੱਧੂ ਨੇ ਭਵਿੱਖ 'ਚ ਵੀ ਰੈਲੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਰੈਲੀਆਂ ਕਰ ਸਕਦੇ ਹਨ, ਪਰ ਪਾਰਟੀ ਜ਼ਾਬਤੇ ਅਤੇ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਅਜਿਹਾ ਕਰਨ ਤਾਂ ਬਿਹਤਰ ਹੈ। ਦਸ ਦੇਈਏ ਕਿ ਕਾਂਗਰਸ ਦੇ ਨਵ-ਨਿਯੁਕਤ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਦੋਵੇਂ ਸੀਨੀਅਰ ਆਗੂਆਂ ਨੇ ਇੱਕ-ਦੂਜੇ ਖ਼ਿਲਾਫ਼ ਆਪਣਾ ਗੁੱਸਾ ਕੱਢਿਆ ਹੈ। ਦੇਵੇਂਦਰ ਯਾਦਵ ਨੇ ਇਨ੍ਹਾਂ ਨੇਤਾਵਾਂ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ 'ਤੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਹ ਇਸ ਮੁੱਦੇ 'ਤੇ ਵੀ ਵਿਚਾਰ ਕਰਨਗੇ।
ਸਿੱਧੂ ਦਾ ਦਾਅਵਾ- ਪਾਰਟੀ ਨੂੰ ਮਜ਼ਬੂਤ ਕਰਨ ਲਈ ਕਰ ਰਿਹਾ ਹਾਂ ਰੈਲੀਆਂ
ਪੰਜਾਬ ਇੰਚਾਰਜ ਦੇਵੇਂਦਰ ਯਾਦਵ ਦੇ ਸਾਹਮਣੇ ਹੀ ਨਵਜੋਤ ਸਿੱਧੂ ਨੇ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦੀਆਂ ਰੈਲੀਆਂ ਅਤੇ ਮੀਟਿੰਗਾਂ ਬਾਰੇ ਕੋਈ ਕੀ ਕਹਿੰਦਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਰੈਲੀਆਂ ਜਾਰੀ ਰਹਿਣਗੀਆਂ। ਪਾਰਟੀ ਨੂੰ ਮਜ਼ਬੂਤ ਕਰਨ ਲਈ ਰੈਲੀਆਂ ਕਰ ਰਿਹਾ ਹਾਂ। ਮੈਂ ਇਹ ਵੀ ਸਾਬਤ ਕਰਾਂਗਾ ਕਿ ਰੈਲੀ ਕਰਨ ਦਾ ਫੈਸਲਾ ਸਹੀ ਹੈ। ਇਸ ਕਾਰਨ ਕਾਂਗਰਸ ਮਜ਼ਬੂਤ ਹੁੰਦੀ ਜਾ ਰਹੀ ਹੈ। ਸਿੱਧੂ ਨੇ ਰਾਜਾ ਵੜਿੰਗ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਹਿੰਮਤ ਹੈ ਤਾਂ ਰੈਲੀ ਵਿੱਚ 10 ਹਜ਼ਾਰ ਵਰਕਰਾਂ ਨੂੰ ਇਕੱਠਾ ਕਰਕੇ ਵੀ ਦਿਖਾਉਣ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਵੜਿੰਗ ਕੋਲ ਰੈਲੀ ਕਰਨ ਦੀ ਤਾਕਤ ਨਹੀਂ ਹੈ।
ਪਾਰਟੀ ਦਾ ਅਨੁਸ਼ਾਸਨ ਨਹੀਂ ਤੋੜ ਦਿਆਂਗਾ: ਰਾਜਾ ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਰੈਲੀਆਂ ਜ਼ਰੂਰ ਕਰਨ ਪਰ ਪਾਰਟੀ ਦਾ ਅਨੁਸ਼ਾਸਨ ਨਹੀਂ ਤੋੜਨਾ ਚਾਹੀਦਾ। ਕਿਸੇ ਨੂੰ ਵੀ ਚੋਣ ਜ਼ਾਬਤਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਨੁਸ਼ਾਸਨ ਦੀ ਪਾਰਟੀ ਹੈ। ਇਸ ਵਿੱਚ ਸਾਰੇ ਆਗੂ ਤੇ ਵਰਕਰ ਪਾਰਟੀ ਨਿਯਮਾਂ ਅਨੁਸਾਰ ਤੈਅ ਕੀਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ। ਪਰ ਜੋ ਵੀ ਕੰਮ ਪਾਰਟੀ ਦੇ ਨਿਯਮਾਂ ਦੇ ਖਿਲਾਫ ਹੋਵੇ ਪਾਰਟੀ ਅੰਦਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਪਾਰਟੀ ਦਾ ਨਿਯਮ ਅਤੇ ਅਨੁਸ਼ਾਸਨ ਹੈ। ਅਨੁਸ਼ਾਸਨ ਹਰ ਵਰਕਰ ਅਤੇ ਆਗੂ 'ਤੇ ਲਾਗੂ ਹੁੰਦਾ ਹੈ।