Courtesy: @ShreyasIyer15
ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ 17 ਜੂਨ ਨੂੰ ਲਖਨਊ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫੈਨਜ਼ ਦਾ ਦਿਲ ਜਿੱਤ ਲਿਆ ਤੇ ਅਫਗਾਨਿਸਤਾਨ ਨੂੰ 170 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ। ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੇ ਅਫਗਾਨਿਸਤਾਨ ਵਿਰੁੱਧ ਦੂਜੇ ਵਨਡੇ ਮੈਚ ਵਿੱਚ ਖੇਡਦੇ ਹੋਏ ਇਤਿਹਾਸ ਰਚ ਦਿੱਤਾ। ਅਈਅਰ ਨੇ ਵਿਰਾਟ ਕੋਹਲੀ ਦੇ ਇੱਕ ਮਹੱਤਵਪੂਰਨ ਰਿਕਾਰਡ ਨੂੰ ਤੋੜਦੇ ਹੋਏ ਉਸਨੂੰ ਪਿੱਛੇ ਛੱਡ ਦਿੱਤਾ।
ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਸ਼ਾਮਲ
ਅਈਅਰ ਨੇ ਵਨਡੇ ਕ੍ਰਿਕਟ ਵਿੱਚ 3000 ਦੌੜਾਂ ਦਾ ਅੰਕੜਾ ਪੂਰਾ ਕਰ ਲਿਆ ਹੈ ਅਤੇ ਇਸ ਮੀਲ ਪੱਥਰ ਤੱਕ ਸਭ ਤੋਂ ਤੇਜ਼ ਪਹੁੰਚਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੰਯੁਕਤ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਏ ਹਨ।
ਭਾਰਤ ਲਈ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਦਾ ਰਿਕਾਰਡ ਮੌਜੂਦਾ ਕਪਤਾਨ ਸ਼ੁਭਮਨ ਗਿੱਲ ਦੇ ਨਾਮ ਦਰਜ ਹੈ। ਉਨ੍ਹਾਂ ਨੇ ਇਹ ਉਪਲਬਧੀ ਸਿਰਫ 62 ਪਾਰੀਆਂ ਵਿੱਚ ਹਾਸਲ ਕੀਤੀ ਸੀ।
ਸ਼੍ਰੇਅਸ ਅਈਅਰ ਅਤੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 72-72 ਪਾਰੀਆਂ ਵਿੱਚ 3000 ਦੌੜਾਂ ਪੂਰੀਆਂ ਕਰਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਸੂਚੀ ਵਿੱਚ ਵਿਰਾਟ ਕੋਹਲੀ ਤੀਜੇ, ਕੇਐੱਲ ਰਾਹੁਲ ਚੌਥੇ ਅਤੇ ਨਵਜੋਤ ਸਿੰਘ ਸਿੱਧੂ ਪੰਜਵੇਂ ਸਥਾਨ 'ਤੇ ਹਨ।
ਭਾਰਤ ਲਈ ਸਭ ਤੋਂ ਤੇਜ਼ 3000 ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼
62 ਪਾਰੀਆਂ – ਸ਼ੁਭਮਨ ਗਿੱਲ
72 ਪਾਰੀਆਂ – ਸ਼ਿਖਰ ਧਵਨ
72 ਪਾਰੀਆਂ – ਸ਼੍ਰੇਅਸ ਅਈਅਰ
75 ਪਾਰੀਆਂ – ਵਿਰਾਟ ਕੋਹਲੀ
78 ਪਾਰੀਆਂ – ਕੇਐੱਲ ਰਾਹੁਲ
79 ਪਾਰੀਆਂ – ਨਵਜੋਤ ਸਿੰਘ ਸਿੱਧੂ
ਦੂਜੇ ਵਨਡੇ ਵਿੱਚ ਅਈਅਰ ਦਾ ਯੋਗਦਾਨ
ਲਖਨਊ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਸ਼੍ਰੇਅਸ ਅਈਅਰ ਨੇ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ 24 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਆਪਣੀ ਪਾਰੀ ਦੌਰਾਨ ਉਨ੍ਹਾਂ ਨੇ ਇੱਕ ਚੌਕਾ ਅਤੇ ਇੱਕ ਛੱਕਾ ਵੀ ਜੜਿਆ।
ਹਾਲਾਂਕਿ ਉਹ ਵੱਡੀ ਪਾਰੀ ਖੇਡਣ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਅਫਗਾਨ ਗੇਂਦਬਾਜ਼ ਨੰਗੇਲੀਆ ਖਰੋਟੇ ਦੀ ਗੇਂਦ 'ਤੇ ਇਬਰਾਹਿਮ ਜ਼ਦਰਾਨ ਨੂੰ ਕੈਚ ਦੇ ਬੈਠੇ। ਫਿਰ ਵੀ ਇਸ ਮੈਚ ਵਿੱਚ 3000 ਵਨਡੇ ਦੌੜਾਂ ਦਾ ਅੰਕੜਾ ਛੂਹ ਕੇ ਉਨ੍ਹਾਂ ਨੇ ਆਪਣੇ ਨਾਮ ਇੱਕ ਖਾਸ ਰਿਕਾਰਡ ਦਰਜ ਕਰਵਾ ਲਿਆ।