ਰਿਪੋਰਟਾਂ ਮੁਤਾਬਕ Pronto ਆਪਣੇ ਕਰਮਚਾਰੀਆਂ ਰਾਹੀਂ ਘਰਾਂ ਦੇ ਅੰਦਰ ਕੰਮ ਦੌਰਾਨ ਵੀਡੀਓ ਰਿਕਾਰਡ ਕਰ ਰਹੀ ਸੀ। ਦੱਸਿਆ ਗਿਆ ਕਿ ਇਹ ਵੀਡੀਓਜ਼ “ਫਿਜ਼ਿਕਲ AI” ਅਤੇ ਰੋਬੋਟਿਕਸ ਮਾਡਲਾਂ ਨੂੰ ਟ੍ਰੇਨ ਕਰਨ ਲਈ ਵਰਤੀਆਂ ਜਾ ਰਹੀਆਂ ਸਨ। ਮਾਮਲਾ ਸਾਹਮਣੇ ਆਉਂਦੇ ਹੀ ਲੋਕਾਂ ਨੇ ਘਰ ਦੀ ਨਿੱਜਤਾ ਨੂੰ ਲੈ ਕੇ ਗੰਭੀਰ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਕਈ ਲੋਕਾਂ ਨੇ ਕਿਹਾ ਕਿ ਘਰ ਸਭ ਤੋਂ ਨਿੱਜੀ ਜਗ੍ਹਾ ਹੁੰਦੀ ਹੈ ਅਤੇ ਉੱਥੇ ਰਿਕਾਰਡਿੰਗ ਕਰਨਾ ਭਰੋਸੇ ਨੂੰ ਤੋੜਨ ਵਰਗਾ ਹੈ। ਇਸ ਵਿਵਾਦ ਨੇ AI ਦੀ ਵਧਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਇਹ ਪੂਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਟੈਕ ਟ੍ਰੈਕਿੰਗ ਪਲੇਟਫਾਰਮ ਨੇ ਨਿਵੇਸ਼ਕਾਂ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਰਿਪੋਰਟ ਜਾਰੀ ਕੀਤੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ Pronto ਅਸਲੀ ਘਰੇਲੂ ਕੰਮਾਂ ਦਾ ਡਾਟਾ ਇਕੱਠਾ ਕਰ ਰਹੀ ਸੀ। ਇਸ ਡਾਟੇ ਵਿੱਚ ਬਰਤਨ ਧੋਣੇ, ਕੱਪੜੇ ਤਹ ਕਰਨਾ ਅਤੇ ਘਰ ਦੀ ਸਫਾਈ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ। ਕਿਹਾ ਗਿਆ ਕਿ ਕੰਪਨੀ ਇਸ ਡਾਟੇ ਰਾਹੀਂ AI ਰੋਬੋਟਸ ਨੂੰ ਅਸਲੀ ਦੁਨੀਆ ਦੇ ਕੰਮ ਸਿਖਾਉਣਾ ਚਾਹੁੰਦੀ ਸੀ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਕੰਪਨੀ ਕੁਝ AI ਲੈਬਜ਼ ਨਾਲ ਪਾਇਲਟ ਪ੍ਰੋਜੈਕਟ ਵੀ ਚਲਾ ਰਹੀ ਸੀ।
ਵਿਵਾਦ ਵਧਣ ਤੋਂ ਬਾਅਦ ਕੰਪਨੀ ਨੇ ਮੰਨਿਆ ਕਿ ਉਹ ਸੀਮਿਤ ਪੱਧਰ ‘ਤੇ AI ਡਾਟਾ ਪ੍ਰੋਗਰਾਮ ਚਲਾ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਰਿਕਾਰਡਿੰਗ ਸਿਰਫ਼ ਗਾਹਕ ਦੀ ਮਨਜ਼ੂਰੀ ਨਾਲ ਕੀਤੀ ਜਾਂਦੀ ਸੀ। Pronto ਮੁਤਾਬਕ ਕਰਮਚਾਰੀਆਂ ਕੋਲ ਇੱਕ ਛੋਟਾ ਕੈਮਰਾ ਹੁੰਦਾ ਸੀ ਜੋ ਸਿਰਫ਼ ਕੰਮ ਵਾਲੀ ਦਿਸ਼ਾ ਵਿੱਚ ਹੀ ਰਿਕਾਰਡ ਕਰਦਾ ਸੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਕਿ ਰਿਕਾਰਡ ਕੀਤੀ ਗਈ ਵੀਡੀਓ ਬਾਅਦ ਵਿੱਚ ਗਾਹਕਾਂ ਨੂੰ ਭੇਜੀ ਜਾਂਦੀ ਸੀ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਰਿਕਾਰਡਿੰਗ ਖ਼ਤਰਨਾਕ ਹੋ ਸਕਦੀ ਹੈ।
ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੰਪਨੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕਈ ਯੂਜ਼ਰਾਂ ਨੇ ਕਿਹਾ ਕਿ AI ਦੇ ਨਾਮ ‘ਤੇ ਹੁਣ ਲੋਕਾਂ ਦੀ ਨਿੱਜੀ ਜ਼ਿੰਦਗੀ ਤੱਕ ਪਹੁੰਚ ਬਣਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਐਪਸ ਸਿਰਫ਼ ਆਨਲਾਈਨ ਡਾਟਾ ਇਕੱਠਾ ਕਰਦੀਆਂ ਹਨ, ਪਰ ਇੱਥੇ ਸਿੱਧੇ ਘਰਾਂ ਦੇ ਅੰਦਰ ਦੀ ਵੀਡੀਓ ਰਿਕਾਰਡਿੰਗ ਹੋ ਰਹੀ ਸੀ। ਇਸ ਕਾਰਨ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ। ਦੂਜੇ ਪਾਸੇ ਕੁਝ ਹੋਰ ਕੰਪਨੀਆਂ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਗਾਹਕਾਂ ਦੇ ਘਰਾਂ ਵਿੱਚ ਕਦੇ ਵੀ ਰਿਕਾਰਡਿੰਗ ਨਹੀਂ ਕਰਦੀਆਂ ਅਤੇ ਨਾ ਹੀ ਭਵਿੱਖ ਵਿੱਚ ਅਜਿਹਾ ਕਰਨ ਦੀ ਕੋਈ ਯੋਜਨਾ ਹੈ।