Courtesy: Credit: OpenAI
ਰਿਪੋਰਟਾਂ ਮੁਤਾਬਕ ਨੌਜਵਾਨ ਨੂੰ ਕਾਫ਼ੀ ਸਮੇਂ ਤੋਂ ਅੱਖਾਂ ਵਿੱਚ ਭਾਰਾਪਣ ਅਤੇ ਥਕਾਵਟ ਮਹਿਸੂਸ ਹੋ ਰਹੀ ਸੀ। ਉਸ ਨੇ ਸੋਚਿਆ ਕਿ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਵਰਤੀ ਜਾਣ ਵਾਲੀ ਮਸਾਜ ਗਨ ਅੱਖਾਂ ਲਈ ਵੀ ਫਾਇਦੇਮੰਦ ਹੋਵੇਗੀ। ਇਸ ਕਾਰਨ ਉਹ ਲਗਭਗ ਤਿੰਨ ਮਹੀਨੇ ਤੱਕ ਹਰ ਹਫ਼ਤੇ ਆਪਣੀਆਂ ਬੰਦ ਅੱਖਾਂ 'ਤੇ ਮਸਾਜ ਗਨ ਵਰਤਦਾ ਰਿਹਾ। ਕੁਝ ਸਮੇਂ ਬਾਅਦ ਉਸ ਨੂੰ ਅੱਖਾਂ ਅੱਗੇ ਕਾਲੇ ਧੱਬੇ ਅਤੇ ਚਮਕਦਾਰ ਰੌਸ਼ਨੀਆਂ ਦਿਖਾਈ ਦੇਣ ਲੱਗੀਆਂ, ਜਿਸ ਤੋਂ ਬਾਅਦ ਉਹ ਡਾਕਟਰਾਂ ਕੋਲ ਪਹੁੰਚਿਆ।
ਡਾਕਟਰਾਂ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਨੌਜਵਾਨ ਦੀ ਸੱਜੀ ਅੱਖ ਦੀ ਰੈਟੀਨਾ ਕਈ ਥਾਵਾਂ ਤੋਂ ਫਟ ਚੁੱਕੀ ਸੀ ਅਤੇ ਆਪਣੀ ਜਗ੍ਹਾ ਤੋਂ ਵੱਖ ਹੋ ਗਈ ਸੀ। ਖੱਬੀ ਅੱਖ ਵਿੱਚ ਵੀ ਖੂਨ ਦੇ ਥੱਕੇ ਜਮ ਗਏ ਸਨ ਅਤੇ ਰੈਟੀਨਾ 'ਤੇ ਕਈ ਗੰਭੀਰ ਜ਼ਖ਼ਮ ਬਣ ਚੁੱਕੇ ਸਨ। ਸ਼ੁਰੂ ਵਿੱਚ ਨੌਜਵਾਨ ਨੇ ਅਸਲ ਕਾਰਨ ਨਹੀਂ ਦੱਸਿਆ, ਪਰ ਬਾਅਦ ਵਿੱਚ ਉਸ ਨੇ ਮਸਾਜ ਗਨ ਦੀ ਵਰਤੋਂ ਕਰਨ ਦੀ ਗੱਲ ਮੰਨ ਲਈ।
ਡਾਕਟਰਾਂ ਅਨੁਸਾਰ ਮਸਾਜ ਗਨ ਦੀ ਤੇਜ਼ ਵਾਈਬ੍ਰੇਸ਼ਨ ਨਾਲ ਅੱਖਾਂ 'ਤੇ ਬਹੁਤ ਜ਼ਿਆਦਾ ਦਬਾਅ ਪਿਆ। ਇਸ ਕਾਰਨ ਅੱਖ ਦਾ ਨਾਜ਼ੁਕ ਰੈਟੀਨਾ ਹਿੱਸਾ ਖਿੱਚ ਅਤੇ ਦਬਾਅ ਨਾਲ ਫਟ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਸਮੇਂ ਸਿਰ ਇਲਾਜ ਮਿਲਣ ਕਾਰਨ ਨੌਜਵਾਨ ਦੀ ਨਜ਼ਰ ਬਚ ਗਈ ਅਤੇ ਛੇ ਮਹੀਨਿਆਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਅੱਖਾਂ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਸਾਜ ਗਨ ਸਿਰਫ਼ ਮੋਢਿਆਂ, ਪਿੱਠ, ਬਾਂਹਾਂ ਅਤੇ ਲੱਤਾਂ ਵਰਗੀਆਂ ਮਾਸਪੇਸ਼ੀਆਂ ਲਈ ਬਣਾਈ ਗਈ ਹੈ। ਇਸ ਨੂੰ ਅੱਖਾਂ ਜਾਂ ਚਿਹਰੇ ਦੇ ਸੰਵੇਦਨਸ਼ੀਲ ਹਿੱਸਿਆਂ 'ਤੇ ਵਰਤਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਅੱਖਾਂ ਦੀ ਥਕਾਵਟ ਦੂਰ ਕਰਨ ਲਈ ਠੰਢੇ ਪਾਣੀ ਨਾਲ ਧੋਣਾ, ਸਮੇਂ-ਸਮੇਂ 'ਤੇ ਸਕ੍ਰੀਨ ਤੋਂ ਬ੍ਰੇਕ ਲੈਣਾ ਅਤੇ ਲੋੜ ਪੈਣ 'ਤੇ ਅੱਖਾਂ ਦੇ ਮਾਹਿਰ ਨਾਲ ਸਲਾਹ ਕਰਨੀ ਹੀ ਸਭ ਤੋਂ ਸੁਰੱਖਿਅਤ ਤਰੀਕਾ ਹੈ।