ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਸ਼ੂਗਰ ਇੱਕ ਆਮ ਪਰ ਗੰਭੀਰ ਬਿਮਾਰੀ ਬਣ ਚੁੱਕੀ ਹੈ। ਕਈ ਲੋਕ ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਹਲਕੇ ਵਿੱਚ ਲੈਂਦੇ ਹਨ, ਜਿਸ ਕਾਰਨ ਸਮੱਸਿਆ ਹੌਲੀ-ਹੌਲੀ ਗੰਭੀਰ ਰੂਪ ਧਾਰ ਲੈਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਬੇਕਾਬੂ ਰਹਿਣ ਵਾਲੀ ਸ਼ੂਗਰ ਸਰੀਰ ਦੀਆਂ ਖੂਨ ਦੀਆਂ ਨਸਾਂ ਅਤੇ ਅਹਿਮ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਮੁਤਾਬਕ ਬੇਕਾਬੂ ਬਲੱਡ ਸ਼ੂਗਰ ਦਾ ਸਭ ਤੋਂ ਵੱਧ ਅਸਰ ਦਿਲ, ਗੁਰਦਿਆਂ, ਅੱਖਾਂ ਅਤੇ ਨਸਾਂ ‘ਤੇ ਪੈਂਦਾ ਹੈ। ਜੇਕਰ ਲੰਬੇ ਸਮੇਂ ਤੱਕ ਸ਼ੂਗਰ ਦਾ ਪੱਧਰ ਉੱਚਾ ਰਹੇ ਤਾਂ ਦਿਲ ਦੀਆਂ ਬਿਮਾਰੀਆਂ, ਗੁਰਦਿਆਂ ਦੀ ਕਮਜ਼ੋਰੀ ਅਤੇ ਨਜ਼ਰ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ।
ਵਧੀ ਹੋਈ ਸ਼ੂਗਰ ਕਾਰਨ ਕਈ ਲੋਕਾਂ ਵਿੱਚ ਨਸਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਪੈਰਾਂ ਵਿੱਚ ਸੁੰਨਪਨ, ਝਿਨਝਿਨਾਹਟ ਜਾਂ ਦਰਦ ਮਹਿਸੂਸ ਹੋ ਸਕਦਾ ਹੈ। ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋਣ ਕਾਰਨ ਤੁਰਨ-ਫਿਰਨ ਵਿੱਚ ਵੀ ਦਿੱਕਤ ਆ ਸਕਦੀ ਹੈ।
ਵਾਰ-ਵਾਰ ਪਿਆਸ ਲੱਗਣਾ, ਬਾਰ-ਬਾਰ ਪਿਸ਼ਾਬ ਆਉਣਾ, ਜ਼ਿਆਦਾ ਥਕਾਵਟ ਮਹਿਸੂਸ ਹੋਣਾ ਅਤੇ ਅਚਾਨਕ ਵਜ਼ਨ ਘਟਣਾ ਸ਼ੂਗਰ ਵਧਣ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਧੁੰਦਲਾ ਦਿਖਣਾ ਅਤੇ ਜ਼ਖ਼ਮਾਂ ਦਾ ਦੇਰ ਨਾਲ ਭਰਨਾ ਵੀ ਚੇਤਾਵਨੀ ਦੇ ਸੰਕੇਤ ਹਨ।
ਜੇਕਰ ਪਰਿਵਾਰ ਵਿੱਚ ਸ਼ੂਗਰ ਦੀ ਹਿਸਟਰੀ ਹੈ ਜਾਂ ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹਨ ਤਾਂ ਨਿਯਮਿਤ ਤੌਰ ‘ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸੰਤੁਲਿਤ ਖੁਰਾਕ ਲਵੋ ਅਤੇ ਮਿੱਠੀਆਂ ਤੇ ਪ੍ਰੋਸੈਸਡ ਚੀਜ਼ਾਂ ਦਾ ਸੇਵਨ ਘੱਟ ਕਰੋ। ਰੋਜ਼ਾਨਾ ਕਸਰਤ ਅਤੇ ਸੈਰ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਓ। ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨਿਯਮਿਤ ਤੌਰ ‘ਤੇ ਲਵੋ ਅਤੇ ਸਮੇਂ-ਸਮੇਂ ‘ਤੇ ਸ਼ੂਗਰ ਦੀ ਜਾਂਚ ਕਰਵਾਉਂਦੇ ਰਹੋ।
ਮਾਹਿਰਾਂ ਅਨੁਸਾਰ ਪੂਰੀ ਨੀਂਦ ਅਤੇ ਤਣਾਅ ‘ਤੇ ਕਾਬੂ ਰੱਖਣਾ ਵੀ ਸ਼ੂਗਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਸਿਹਤਮੰਦ ਜੀਵਨ ਸ਼ੈਲੀ ਅਪਣਾਕੇ ਸ਼ੂਗਰ ਨਾਲ ਜੁੜੀਆਂ ਕਈ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ।