40 ਸਾਲ ਦੀ ਉਮਰ ਤੋਂ ਬਾਅਦ ਸਰੀਰ ਦੀ ਕਾਰਗੁਜ਼ਾਰੀ ਵਿੱਚ ਹੌਲੀ-ਹੌਲੀ ਬਦਲਾਅ ਆਉਣ ਲੱਗਦੇ ਹਨ। ਮਾਸਪੇਸ਼ੀਆਂ ਦੀ ਤਾਕਤ ਘਟ ਸਕਦੀ ਹੈ ਅਤੇ ਹੱਡੀਆਂ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੋ ਸਕਦੀਆਂ ਹਨ। ਇਸ ਲਈ ਇਸ ਉਮਰ ਵਿੱਚ ਸਿਰਫ਼ ਵਜ਼ਨ ਕਾਬੂ ਵਿੱਚ ਰੱਖਣਾ ਹੀ ਕਾਫ਼ੀ ਨਹੀਂ, ਸਗੋਂ ਤਾਕਤ, ਸੰਤੁਲਨ ਅਤੇ ਸਹਿਨਸ਼ਕਤੀ ਨੂੰ ਵੀ ਬਰਕਰਾਰ ਰੱਖਣਾ ਲਾਜ਼ਮੀ ਹੈ।
ਵਿਸ਼ਵ ਸਿਹਤ ਸੰਸਥਾ (WHO) ਮੁਤਾਬਕ ਤੇਜ਼ ਚੱਲਣਾ 40 ਸਾਲ ਤੋਂ ਬਾਅਦ ਸਭ ਤੋਂ ਵਧੀਆ ਕਸਰਤਾਂ ਵਿੱਚੋਂ ਇੱਕ ਹੈ। ਰੋਜ਼ਾਨਾ 30 ਤੋਂ 45 ਮਿੰਟ ਦੀ ਤੇਜ਼ ਵਾਕ ਦਿਲ ਨੂੰ ਤੰਦਰੁਸਤ ਰੱਖਣ, ਵਜ਼ਨ ਕਾਬੂ ਕਰਨ ਅਤੇ ਸਰੀਰ ਦੀ ਊਰਜਾ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
ਵਧਦੀ ਉਮਰ ਨਾਲ ਮਾਸਪੇਸ਼ੀਆਂ ਦਾ ਘਟਣਾ ਇੱਕ ਆਮ ਸਮੱਸਿਆ ਹੈ। ਇਸ ਲਈ ਹਫ਼ਤੇ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਦਿਨ ਸਟ੍ਰੈਂਥ ਟ੍ਰੇਨਿੰਗ ਕਰਨੀ ਲਾਭਦਾਇਕ ਮੰਨੀ ਜਾਂਦੀ ਹੈ। ਹਲਕੇ ਡੰਬਲ, ਰੇਜ਼ਿਸਟੈਂਸ ਬੈਂਡ ਜਾਂ ਬਾਡੀ ਵੇਟ ਐਕਸਰਸਾਈਜ਼ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ।
ਸਾਈਕਲ ਚਲਾਉਣਾ ਅਤੇ ਤੈਰਾਕੀ ਦੋਵੇਂ ਹੀ ਲੋ-ਇੰਪੈਕਟ ਐਕਸਰਸਾਈਜ਼ ਹਨ, ਜੋ ਜੋੜਾਂ 'ਤੇ ਘੱਟ ਦਬਾਅ ਪਾਂਦੀਆਂ ਹਨ। ਇਹ ਕਸਰਤਾਂ ਦਿਲ ਦੀ ਸਿਹਤ ਸੁਧਾਰਨ, ਸਟੈਮਿਨਾ ਵਧਾਉਣ ਅਤੇ ਸਰੀਰ ਨੂੰ ਸਰਗਰਮ ਰੱਖਣ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀਆਂ ਹਨ।
ਯੋਗਾ ਅਤੇ ਸਟ੍ਰੈਚਿੰਗ ਸਰੀਰ ਦੀ ਲਚਕਤਾ ਅਤੇ ਸੰਤੁਲਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ ਘਟਦਾ ਹੈ, ਤਣਾਅ ਘੱਟ ਹੁੰਦਾ ਹੈ ਅਤੇ ਸਰੀਰ ਨੂੰ ਚੁਸਤ ਰੱਖਣ ਵਿੱਚ ਮਦਦ ਮਿਲਦੀ ਹੈ।
ਕਿਸੇ ਵੀ ਐਕਸਰਸਾਈਜ਼ ਦੀ ਸ਼ੁਰੂਆਤ ਤੋਂ ਪਹਿਲਾਂ ਵਾਰਮ-ਅਪ ਕਰਨਾ ਬਹੁਤ ਜ਼ਰੂਰੀ ਹੈ। ਕਸਰਤ ਪੂਰੀ ਹੋਣ ਤੋਂ ਬਾਅਦ ਕੂਲ-ਡਾਊਨ ਵੀ ਕਰਨਾ ਚਾਹੀਦਾ ਹੈ। ਜੇਕਰ ਲੰਬੇ ਸਮੇਂ ਤੋਂ ਕਸਰਤ ਨਹੀਂ ਕੀਤੀ, ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਇੱਕਦਮ ਸਰੀਰ 'ਤੇ ਵੱਧ ਦਬਾਅ ਨਾ ਪਾਓ।
ਕਸਰਤ ਦੌਰਾਨ ਜੇ ਦਰਦ, ਚੱਕਰ, ਸਾਹ ਲੈਣ ਵਿੱਚ ਤਕਲੀਫ਼ ਜਾਂ ਹੋਰ ਕੋਈ ਅਸੁਵਿਧਾ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰੋ। ਜੇ ਪਹਿਲਾਂ ਤੋਂ ਕੋਈ ਸਿਹਤ ਸਮੱਸਿਆ ਹੈ ਤਾਂ ਡਾਕਟਰ ਜਾਂ ਫਿਟਨੈੱਸ ਮਾਹਿਰ ਦੀ ਸਲਾਹ ਲੈ ਕੇ ਹੀ ਕਸਰਤ ਦੀ ਚੋਣ ਕਰੋ।
ਫਿਟ ਰਹਿਣ ਲਈ ਸਿਰਫ਼ ਕਸਰਤ ਹੀ ਨਹੀਂ, ਸਗੋਂ ਸੰਤੁਲਿਤ ਖੁਰਾਕ ਵੀ ਬਹੁਤ ਜ਼ਰੂਰੀ ਹੈ। ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ-ਡੀ ਅਤੇ ਹੋਰ ਜ਼ਰੂਰੀ ਪੋਸ਼ਕ ਤੱਤਾਂ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ। ਇਸਦੇ ਨਾਲ 7 ਤੋਂ 8 ਘੰਟੇ ਦੀ ਨੀਂਦ ਅਤੇ ਤਣਾਅ ਨੂੰ ਕਾਬੂ ਵਿੱਚ ਰੱਖਣਾ ਵੀ ਬਹੁਤ ਮਹੱਤਵਪੂਰਨ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੱਕ ਇੱਕ ਹੀ ਥਾਂ ਬੈਠੇ ਰਹਿਣ ਤੋਂ ਬਚਣਾ ਚਾਹੀਦਾ ਹੈ। ਰੋਜ਼ਾਨਾ ਥੋੜ੍ਹੀ-ਥੋੜ੍ਹੀ ਸ਼ਾਰੀਰੀਕ ਗਤੀਵਿਧੀ ਅਤੇ ਨਿਯਮਿਤ ਕਸਰਤ ਨਾਲ 40 ਸਾਲ ਦੀ ਉਮਰ ਤੋਂ ਬਾਅਦ ਵੀ ਸਰੀਰ ਨੂੰ ਤੰਦਰੁਸਤ, ਫਿੱਟ ਅਤੇ ਊਰਜਾਵਾਨ ਰੱਖਿਆ ਜਾ ਸਕਦਾ ਹੈ।