ਸਾਡੇ ਗਲੇ ਵਿੱਚ ਇੱਕ ਛੋਟੀ ਜਿਹੀ ਥਾਇਰਾਇਡ ਗ੍ਰੰਥੀ ਹੁੰਦੀ ਹੈ ਜਿਸਦਾ ਆਕਾਰ ਤਿਤਲੀ ਵਰਗਾ ਹੁੰਦਾ ਹੈ। ਇਹ ਸਰੀਰ ਵਿੱਚ ਖਾਣੇ ਨੂੰ ਊਰਜਾ ਵਿੱਚ ਬਦਲਣ ਅਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਜਦੋਂ ਇਹ ਗ੍ਰੰਥੀ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹਾਰਮੋਨ ਬਣਾਉਣ ਲੱਗਦੀ ਹੈ ਤਾਂ ਥਾਇਰਾਇਡ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਸ ਬਿਮਾਰੀ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਸਰੀਰ ਵਿੱਚ ਕਈ ਹੋਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਭਾਰਤ ਵਿੱਚ ਕਰੋੜਾਂ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ।
ਲੋਕਾਂ ਵਿੱਚ ਸਭ ਤੋਂ ਵੱਡਾ ਭਰਮ ਇਹ ਹੈ ਕਿ ਇੱਕ ਵਾਰ ਥਾਇਰਾਇਡ ਹੋ ਜਾਵੇ ਤਾਂ ਜ਼ਿੰਦਗੀ ਭਰ ਦਵਾਈ ਲੈਣੀ ਪੈਂਦੀ ਹੈ। ਮਾਹਿਰਾਂ ਦੇ ਅਨੁਸਾਰ ਇਹ ਹਰ ਮਰੀਜ਼ ਲਈ ਸੱਚ ਨਹੀਂ ਹੁੰਦਾ। ਕੁਝ ਲੋਕਾਂ ਵਿੱਚ ਲੰਬੇ ਸਮੇਂ ਤੱਕ ਦਵਾਈ ਦੀ ਲੋੜ ਪੈਂਦੀ ਹੈ, ਪਰ ਕਈ ਮਾਮਲਿਆਂ ਵਿੱਚ ਸਹੀ ਇਲਾਜ ਅਤੇ ਲਾਈਫਸਟਾਈਲ ਵਿੱਚ ਸੁਧਾਰ ਨਾਲ ਦਵਾਈ ਦੀ ਡੋਜ਼ ਘੱਟ ਵੀ ਹੋ ਸਕਦੀ ਹੈ। ਇਸ ਲਈ ਬਿਨਾਂ ਡਾਕਟਰੀ ਸਲਾਹ ਡਰਨਾ ਠੀਕ ਨਹੀਂ ਹੈ। ਨਿਯਮਿਤ ਚੈਕਅਪ ਅਤੇ ਸਹੀ ਖੁਰਾਕ ਨਾਲ ਹਾਲਤ ਕਾਫੀ ਹੱਦ ਤੱਕ ਕਾਬੂ ਵਿੱਚ ਰਹਿ ਸਕਦੀ ਹੈ।
ਅਕਸਰ ਮੰਨਿਆ ਜਾਂਦਾ ਹੈ ਕਿ ਥਾਇਰਾਇਡ ਦੀ ਸਮੱਸਿਆ ਸਿਰਫ਼ ਔਰਤਾਂ ਵਿੱਚ ਹੁੰਦੀ ਹੈ। ਹਾਲਾਂਕਿ ਮਹਿਲਾਵਾਂ ਵਿੱਚ ਇਸਦੇ ਕੇਸ ਵੱਧ ਵੇਖੇ ਜਾਂਦੇ ਹਨ, ਪਰ ਇਹ ਬਿਮਾਰੀ ਮਰਦਾਂ ਅਤੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਰਦਾਂ ਵਿੱਚ ਕਈ ਵਾਰ ਇਸਦੇ ਲੱਛਣਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਬਿਮਾਰੀ ਦੇਰ ਨਾਲ ਪਤਾ ਲੱਗਦੀ ਹੈ। ਥਕਾਵਟ, ਵਜ਼ਨ ਵਿੱਚ ਅਚਾਨਕ ਬਦਲਾਅ, ਨੀਂਦ ਦੀ ਸਮੱਸਿਆ ਅਤੇ ਦਿਲ ਦੀ ਧੜਕਨ ਵਿੱਚ ਗੜਬੜ ਇਸਦੇ ਸੰਕੇਤ ਹੋ ਸਕਦੇ ਹਨ।
ਭਾਵੇਂ ਥਾਇਰਾਇਡ ਗ੍ਰੰਥੀ ਗਲੇ ਵਿੱਚ ਹੁੰਦੀ ਹੈ, ਪਰ ਇਸਦਾ ਅਸਰ ਪੂਰੇ ਸਰੀਰ ‘ਤੇ ਪੈਂਦਾ ਹੈ। ਹਾਇਪੋਥਾਇਰਾਇਡਿਜ਼ਮ ਵਿੱਚ ਹਾਰਮੋਨ ਘੱਟ ਬਣਦੇ ਹਨ ਜਿਸ ਨਾਲ ਵਜ਼ਨ ਵਧਣਾ, ਕਬਜ਼ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਦੂਜੇ ਪਾਸੇ ਹਾਇਪਰਥਾਇਰਾਇਡਿਜ਼ਮ ਵਿੱਚ ਹਾਰਮੋਨ ਜ਼ਿਆਦਾ ਬਣਦੇ ਹਨ ਜਿਸ ਨਾਲ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ। ਇਸ ਤੋਂ ਇਲਾਵਾ ਨੀਂਦ ਨਾ ਆਉਣਾ, ਮਾਸਪੇਸ਼ੀਆਂ ਕਮਜ਼ੋਰ ਹੋਣਾ ਅਤੇ ਦਿਲ ਦੀ ਧੜਕਨ ਤੇਜ਼ ਹੋਣ ਵਰਗੇ ਲੱਛਣ ਵੀ ਸਾਹਮਣੇ ਆ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ‘ਤੇ ਜਾਂਚ ਅਤੇ ਸਹੀ ਇਲਾਜ ਨਾਲ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ।