ਸਾਡੇ ਗਲੇ ਵਿੱਚ ਤਿਤਲੀ ਦੇ ਆਕਾਰ ਵਰਗੀ ਇੱਕ ਛੋਟੀ ਗ੍ਰੰਥੀ ਹੁੰਦੀ ਹੈ ਜਿਸਨੂੰ ਥਾਇਰਾਇਡ ਕਿਹਾ ਜਾਂਦਾ ਹੈ। ਇਹ ਗ੍ਰੰਥੀ ਸਰੀਰ ਵਿੱਚ ਹਾਰਮੋਨ ਬਣਾਉਂਦੀ ਹੈ ਜੋ ਮੈਟਾਬੋਲਿਜ਼ਮ, ਵਜ਼ਨ, ਊਰਜਾ ਅਤੇ ਮੂਡ ਨੂੰ ਪ੍ਰਭਾਵਿਤ ਕਰਦੇ ਹਨ। ਜਦੋਂ ਇਹ ਗ੍ਰੰਥੀ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹਾਰਮੋਨ ਬਣਾਉਣ ਲੱਗਦੀ ਹੈ ਤਾਂ ਥਾਇਰਾਇਡ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਦੀ ਡਾਕਟਰ Dr. Meenakshi Jain ਮੁਤਾਬਕ ਔਰਤਾਂ ਵਿੱਚ ਐਸਟਰੋਜਨ ਅਤੇ ਪ੍ਰੋਜੈਸਟਰੋਨ ਵਰਗੇ ਹਾਰਮੋਨ ਵੱਧ ਹੁੰਦੇ ਹਨ। ਪੀਰੀਅਡਸ, ਗਰਭਾਵਸਥਾ ਅਤੇ ਮੈਨੋਪੌਜ਼ ਦੌਰਾਨ ਇਨ੍ਹਾਂ ਹਾਰਮੋਨਾਂ ਵਿੱਚ ਹੋਣ ਵਾਲੇ ਬਦਲਾਅ ਥਾਇਰਾਇਡ ‘ਤੇ ਅਸਰ ਪਾ ਸਕਦੇ ਹਨ। ਇਸ ਤੋਂ ਇਲਾਵਾ ਤਣਾਅ, ਆਈਓਡਿਨ ਦੀ ਘਾਟ, ਆਟੋਇਮੀਉਨ ਬਿਮਾਰੀਆਂ, ਧੂੰਮਰਪਾਨ ਅਤੇ ਖਰਾਬ ਲਾਈਫਸਟਾਈਲ ਵੀ ਇਸਦੇ ਵੱਡੇ ਕਾਰਨ ਮੰਨੇ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦੀ ਘਾਟ ਅਤੇ ਬੇਲਗਾਮ ਰੁਟੀਨ ਵੀ ਥਾਇਰਾਇਡ ਦਾ ਖਤਰਾ ਵਧਾ ਦਿੰਦੇ ਹਨ।
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਥਾਇਰਾਇਡ ਇੱਕ ਵਾਰ ਹੋ ਜਾਵੇ ਤਾਂ ਜ਼ਿੰਦਗੀ ਭਰ ਰਹਿੰਦੀ ਹੈ। ਡਾਕਟਰਾਂ ਮੁਤਾਬਕ ਇਹ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਸਮੱਸਿਆ ਹੋ ਸਕਦੀ ਹੈ, ਪਰ ਇਸਨੂੰ ਚੰਗੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਨਿਯਮਿਤ ਦਵਾਈ, ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਮਰੀਜ਼ ਬਿਲਕੁਲ ਆਮ ਜੀਵਨ ਜੀ ਸਕਦਾ ਹੈ। ਕਈ ਮਾਮਲਿਆਂ ਵਿੱਚ ਲੰਬੇ ਸਮੇਂ ਤੱਕ ਦਵਾਈ ਲੈਣੀ ਪੈਂਦੀ ਹੈ, ਪਰ ਸਹੀ ਇਲਾਜ ਨਾਲ ਲੱਛਣ ਕਾਫ਼ੀ ਘੱਟ ਹੋ ਜਾਂਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਨਿਯਮਿਤ ਯੋਗ ਅਤੇ ਹਲਕੀ ਐਕਸਰਸਾਈਜ਼ ਥਾਇਰਾਇਡ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ। ਸਵੇਰੇ ਤੁਰਨਾ, ਸਾਈਕਲਿੰਗ ਅਤੇ ਹਲਕਾ ਵਰਕਆਉਟ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਂਦੇ ਹਨ। ਇਸਦੇ ਨਾਲ ਹੀ ਪ੍ਰਾਣਾਯਾਮ, ਧਿਆਨ ਅਤੇ ਸਰਵਾਂਗਆਸਨ, ਹਲਾਸਨ ਅਤੇ ਮਤਸਿਆਸਨ ਵਰਗੇ ਯੋਗ ਆਸਨ ਵੀ ਲਾਭਦਾਇਕ ਮੰਨੇ ਜਾਂਦੇ ਹਨ। ਮਾਹਿਰਾਂ ਦੀ ਸਲਾਹ ਹੈ ਕਿ ਇਹ ਆਸਨ ਕਿਸੇ ਤਜਰਬੇਕਾਰ ਯੋਗ ਗੁਰੂ ਦੀ ਦੇਖਰੇਖ ਵਿੱਚ ਕਰਨੇ ਚਾਹੀਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਤਣਾਅ ਘਟਾ ਕੇ ਅਤੇ ਸਹੀ ਲਾਈਫਸਟਾਈਲ ਅਪਣਾ ਕੇ ਥਾਇਰਾਇਡ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।