ਸਾਊਦੀ ਅਰਬ ਦੇ ਪ੍ਰਮੁੱਖ ਤੇਲ ਕੇਂਦਰ ਰਾਸ ਤਨੂਰਾ ਵਿੱਚ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਵਿਸ਼ਵ ਪ੍ਰਸਿੱਧ ਕੰਪਨੀ ਸਾਊਦੀ ਅਰਾਮਕੋ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਹ ਘਟਨਾ ਸਥਾਨਕ ਸਮਾਂ ਅਨੁਸਾਰ ਸਵੇਰੇ ਲਗਪਗ 6 ਵਜੇ ਵਾਪਰੀ, ਜਿਸ ਵਿੱਚ ਹੈਲੀਕਾਪਟਰ 'ਤੇ ਸਵਾਰ ਸਾਰੇ 14 ਯਾਤਰੀ ਮਾਰੇ ਗਏ। ਸਰਕਾਰੀ ਖਬਰ ਏਜੰਸੀ ਨੇ ਊਰਜਾ ਮੰਤਰਾਲੇ ਦੇ ਅਧਿਕਾਰੀ ਦੇ ਹਵਾਲੇ ਨਾਲ ਇਸ ਘਟਨਾ ਦੀ ਤਸਦੀਕ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਹੈਲੀਕਾਪਟਰ ਵਿੱਚ ਸਵਾਰ ਸਾਰੇ 14 ਲੋਕ ਸਾਊਦੀ ਅਰਬ ਦੇ ਰਹਿਣ ਵਾਲੇ ਸਨ। ਫ਼ਾਰਸ ਦੀ ਖਾੜੀ ਦੇ ਕੰਢੇ ਵਸਿਆ ਰਾਸ ਤਨੂਰਾ ਖੇਤਰ ਅਰਾਮਕੋ ਦਾ ਇੱਕ ਅਹਿਮ ਉਦਯੋਗਿਕ ਅਤੇ ਤੇਲ ਕੇਂਦਰ ਹੈ। ਊਰਜਾ ਮੰਤਰਾਲੇ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।
ਘਟਨਾ ਤੋਂ ਤੁਰੰਤ ਬਾਅਦ ਹੀ ਮੰਤਰਾਲੇ ਵੱਲੋਂ ਇਸ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਉੱਚ-ਪੱਧਰੀ ਜਾਂਚ ਟੀਮ ਨੂੰ ਹਾਦਸੇ ਦੀ ਜ਼ਾਂਚਬੀਨ ਲਈ ਲਗਾਇਆ ਗਿਆ ਹੈ। ਅਜੇ ਤੱਕ ਇਸ ਗੱਲ ਦੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਕਿ ਇਸ ਘਟਨਾ ਨਾਲ ਅਰਾਮਕੋ ਦੇ ਤੇਲ ਉਤਪਾਦਨ ਜਾਂ ਸਪਲਾਈ 'ਤੇ ਕਿੰਨਾ ਅਸਰ ਪਿਆ ਹੈ, ਅਤੇ ਨਾ ਹੀ ਕੰਪਨੀ ਵੱਲੋਂ ਕਰੈਸ਼ ਹੈਲੀਕਾਪਟਰ ਦੇ ਮਾਡਲ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਗਈ ਹੈ।