Courtesy: @khamenei_ir
ਨਵੀਂ ਦਿੱਲੀ: ਈਰਾਨ ਦੇ ਸਰਵਉੱਚ ਆਗੂ ਆਯਤੁੱਲਾ ਸਈਦ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਉੱਚ ਪੱਧਰੀ ਵਫ਼ਦ ਸ਼ਾਮਲ ਹੋਵੇਗਾ। ਇਸ ਵਫ਼ਦ ਵਿੱਚ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ (ਰਿਟਾ.) ਸਈਦ ਅਤਾ ਹਸਨੈਨ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਬਿਤ੍ਰਾ ਮਾਰਗੇਰੀਟਾ ਸ਼ਾਮਲ ਹੋਣਗੇ। ਈਰਾਨ ਵੱਲੋਂ ਭਾਰਤ ਨੂੰ ਇਸ ਰਾਜਕੀਅ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ।
ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅੰਤਿਮ ਸੰਸਕਾਰ ਅਤੇ ਦਫ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਸੀ, ਹਾਲਾਂਕਿ ਭਾਰਤ ਦੀ ਨੁਮਾਇੰਦਗੀ ਉਪਰੋਕਤ ਦੋਵੇਂ ਅਧਿਕਾਰੀ ਕਰਨਗੇ।
ਈਰਾਨ ਸਰਕਾਰ ਵੱਲੋਂ ਅੰਤਿਮ ਸੰਸਕਾਰ ਨਾਲ ਸੰਬੰਧਿਤ ਸਮਾਗਮ 4 ਜੁਲਾਈ ਤੋਂ 9 ਜੁਲਾਈ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ੋਕਾਕੁਲ ਲੋਕਾਂ ਅਤੇ ਕਈ ਵਿਦੇਸ਼ੀ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਸਮਾਗਮ ਰਾਜਧਾਨੀ ਤੇਹਰਾਨ ਤੋਂ ਸ਼ੁਰੂ ਹੋਣਗੇ ਅਤੇ ਆਖ਼ਰ ਵਿੱਚ ਖਾਮੇਨੇਈ ਦੇ ਜਨਮ ਸਥਾਨ ਮਸ਼ਹਦ ਵਿੱਚ ਉਨ੍ਹਾਂ ਦੇ ਦਫ਼ਨ ਨਾਲ ਸਮਾਪਤ ਹੋਣਗੇ। ਮਸ਼ਹਦ ਨੂੰ ਸ਼ੀਆ ਇਸਲਾਮ ਦੇ ਸਭ ਤੋਂ ਪਵਿੱਤਰ ਧਾਰਮਿਕ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਈਰਾਨੀ ਅਧਿਕਾਰੀਆਂ ਦੇ ਅਨੁਸਾਰ, 4 ਅਤੇ 5 ਜੁਲਾਈ ਨੂੰ ਆਯਤੁੱਲਾ ਖਾਮੇਨੇਈ ਦਾ ਪਾਰਥਿਵ ਸਰੀਰ ਤੇਹਰਾਨ ਦੇ ਗ੍ਰੈਂਡ ਮੋਸੱਲਾ ਕੰਪਲੈਕਸ ਵਿੱਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ, ਤਾਂ ਜੋ ਆਮ ਨਾਗਰਿਕ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣ।
ਇਸ ਤੋਂ ਬਾਅਦ 6 ਜੁਲਾਈ ਨੂੰ ਰਾਜਕੀਅ ਅੰਤਿਮ ਯਾਤਰਾ ਕੱਢੀ ਜਾਵੇਗੀ। ਸਰਕਾਰੀ ਸੋਗ ਦੇ ਮੱਦੇਨਜ਼ਰ ਤੇਹਰਾਨ ਸੂਬੇ ਵਿੱਚ ਜਨਤਕ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ ਹੈ।
ਈਰਾਨੀ ਅਧਿਕਾਰੀਆਂ ਦੇ ਮੁਤਾਬਕ, ਆਯਤੁੱਲਾ ਅਲੀ ਖਾਮੇਨੇਈ ਦੀ ਮੌਤ 28 ਫ਼ਰਵਰੀ ਨੂੰ ਤੇਹਰਾਨ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਸਰਕਾਰ ਨੇ ਉਨ੍ਹਾਂ ਨੂੰ ਰਾਜਕੀਅ ਸਨਮਾਨਾਂ ਨਾਲ ਵਿਦਾਈ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਦੱਸਦੇ ਜਾਈਏ, ਆਯਤੁੱਲਾ ਖਾਮੇਨੇਈ ਈਰਾਨ ਦੇ ਸਰਵਉਚ ਆਗੂ ਹਨ ਅਤੇ ਦੇਸ਼ ਦੀ ਰਾਜਨੀਤੀ, ਸੁਰੱਖਿਆ ਅਤੇ ਵਿਦੇਸ਼ ਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਉਹ 1989 ਵਿੱਚ ਈਰਾਨ ਦੇ ਸਰਵਉਚ ਨੇਤਾ ਬਣੇ ਸਨ ਤੇੇ ਇਸ ਤੋਂ ਪਹਿਲਾਂ ਉਹ ਈਰਾਨ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਖਾਮੇਨੇਈ ਨੂੰ ਸ਼ੀਆ ਇਸਲਾਮ ਦੇ ਪ੍ਰਭਾਵਸ਼ਾਲੀ ਧਾਰਮਿਕ ਆਗੂਆਂ ਵਿੱਚ ਗਿਣਿਆ ਜਾਂਦਾ ਸੀ। ਈਰਾਨ ਦੀ ਫੌਜ, ਨਿਆਂ ਪ੍ਰਣਾਲੀ ਅਤੇ ਕਈ ਅਹਿਮ ਸੰਸਥਾਵਾਂ ਉੱਤੇ ਉਨ੍ਹਾਂ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਸੀ।