menu-icon
Punjabi Story Line
  • Home
  • News
  • International
  • ਹੋਰਮੁਜ਼ ਜਲਡਮਰੂਮੱਧ ਖੋਲ੍ਹਣ ਨੂੰ ਲੈ ਕੇ ਬੇਚੈਨ ਅਮਰੀਕੀ ਰਾਸ਼ਟਰਪਤੀ ਟਰੰਪ, ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹੱਟਣ ਲਈ ਤਿਆਰ 

ਹੋਰਮੁਜ਼ ਜਲਡਮਰੂਮੱਧ ਖੋਲ੍ਹਣ ਨੂੰ ਲੈ ਕੇ ਬੇਚੈਨ ਅਮਰੀਕੀ ਰਾਸ਼ਟਰਪਤੀ ਟਰੰਪ, ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹੱਟਣ ਲਈ ਤਿਆਰ 

ਹੋਰਮੁਜ਼ ਨੂੰ ਮੁੜ ਖੋਲ੍ਹਣ ਦੀ ਗੱਲਬਾਤ ਹੁਣ ਨਿਰਣਾਇਕ ਪੜਾਅ ਵਿੱਚ ਪਹੁੰਚ ਗਈ ਹੈ। ਵਿਦੇਸ਼ੀ ਮੰਤਰੀ ਅੱਬਾਸ ਅਰਾਘਚੀ ਨੇ ਦੱਸਿਆ ਕਿ ਦੋਵੇਂ ਦੇਸ਼ ਇੱਕ ਅਜਿਹੇ ਅਸਥਾਈ ਸਮੁੰਦਰੀ ਰਸਤੇ ਦੀ ਵਿਵਸਥਾ 'ਤੇ ਵਿਚਾਰ ਕਰ ਰਹੇ ਹਨ, ਜਿਸ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਕੁਝ ਹੱਦ ਤੱਕ ਸੁਚਾਰੂ ਕੀਤਾ ਜਾ ਸਕੇ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਟਰੰਪ ਟਕਰਾਅ ਨੂੰ ਖਤਮ ਕਰਨ ਅਤੇ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਲਈ ਤਿਆਰ ਹਨ।

Date Updated Last Updated : 10 August 2026, 09:01 AM IST
Share:

ਈਰਾਨ: ਹੋਰਮੁਜ਼ ਜਲਡਮਰੂਮੱਧ ਨੂੰ ਜਹਾਜ਼ਾਂ ਦੀ ਆਵਾਜਾਈ ਲਈ ਮੁੜ ਖੋਲ੍ਹਣ ਦੇ ਮੁੱਦੇ 'ਤੇ ਈਰਾਨ ਅਤੇ ਓਮਾਨ ਵਿਚਾਲੇ ਚੱਲ ਰਹੀ ਗੱਲਬਾਤ ਹੁਣ ਨਿਰਣਾਇਕ ਪੜਾਅ ਵਿੱਚ ਪਹੁੰਚ ਗਈ ਹੈ। ਹਾਲਾਂਕਿ, ਈਰਾਨ ਨੇ ਹੋਰਮੁਜ਼ ਨੂੰ ਖੋਲ੍ਹਣ ਲਈ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖੀਆਂ ਹਨ ਅਤੇ ਉਸਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਸਹਿਮਤੀ ਨਹੀਂ ਬਣਦੀ, ਹੋਰਮੁਜ਼ ਨੂੰ ਨਹੀਂ ਖੋਲ੍ਹਿਆ ਜਾਵੇਗਾ। ਦੂਜੇ ਪਾਸੇ ਵਾਲ ਸਟਰੀਟ ਜਰਨਲ (WSJ) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਜੇਕਰ ਈਰਾਨ ਹੋਰਮੁਜ਼ ਨੂੰ ਦੁਬਾਰਾ ਖੋਲ੍ਹਦਾ ਹੈ, ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਕਰਾਅ ਨੂੰ ਖਤਮ ਕਰਨ ਅਤੇ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਲਈ ਤਿਆਰ ਹਨ।


ਪਰਮਾਣੂ ਸਮਝੌਤਾ ਟਾਲ ਸਕਦੇ ਹਨ ਟਰੰਪ?

ਅਮਰੀਕੀ ਮੀਡੀਆ ਵਿੱਚ ਚੱਲ ਰਹੀਆਂ ਰਿਪੋਰਟਾਂ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਹੋਰਮੁਜ਼ ਜਲਡਮਰੂਮੱਧ ਵਿੱਚ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਨੂੰ ਵੱਡੀ ਕੂਟਨੀਤਕ ਜਾਂ ਰਣਨੀਤਕ ਉਪਲਬਧੀ ਵਜੋਂ ਪੇਸ਼ ਕਰ ਸਕਦੇ ਹਨ। ਇਸ ਸਥਿਤੀ ਵਿੱਚ ਟਰੰਪ ਪ੍ਰਸ਼ਾਸਨ ਈਰਾਨ ਨਾਲ ਪ੍ਰਸਤਾਵਿਤ ਪਰਮਾਣੂ ਸਮਝੌਤੇ ਨੂੰ ਕੁਝ ਸਮੇਂ ਲਈ ਟਾਲਣ 'ਤੇ ਵਿਚਾਰ ਕਰ ਸਕਦਾ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਟਰੰਪ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਸੰਭਾਵਿਤ ਨਤੀਜੇ ਲਈ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ। ਟਰੰਪ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਇਹ ਸੰਕੇਤ ਦੇ ਚੁੱਕੇ ਹਨ ਕਿ ਜੇ ਹੋਰਮੁਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਬਹਾਲ ਹੋ ਜਾਂਦੀ ਹੈ ਤਾਂ ਉਹ ਈਰਾਨ ਨਾਲ ਤੁਰੰਤ ਕਿਸੇ ਰਸਮੀ ਪਰਮਾਣੂ ਸਮਝੌਤੇ 'ਤੇ ਦਸਤਖਤ ਕੀਤੇ ਬਿਨਾਂ ਵੀ ਪਿੱਛੇ ਹਟਣ ਜਾਂ ਤਣਾਅ ਘਟਾਉਣ ਦੇ ਵਿਕਲਪ 'ਤੇ ਵਿਚਾਰ ਕਰ ਸਕਦੇ ਹਨ।


ਈਰਾਨ-ਓਮਾਨ ਸਮਝੌਤਾ ਆਖਰੀ ਪੜਾਅ 'ਚ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਐਤਵਾਰ ਨੂੰ ਕਿਹਾ ਕਿ ਹੋਰਮੁਜ਼ ਨਾਲ ਸਬੰਧਤ ਸਮਝੌਤੇ ਨੂੰ ਲੈ ਕੇ ਈਰਾਨ ਅਤੇ ਓਮਾਨ ਵਿਚਾਲੇ ਚਰਚਾ ਆਖਰੀ ਪੜਾਅ ਵਿੱਚ ਹੈ। ਉਨ੍ਹਾਂ ਮੁਤਾਬਕ, ਦੋਵੇਂ ਦੇਸ਼ ਇੱਕ ਅਜਿਹੇ ਅਸਥਾਈ ਸਮੁੰਦਰੀ ਰਸਤੇ ਦੀ ਵਿਵਸਥਾ 'ਤੇ ਵਿਚਾਰ ਕਰ ਰਹੇ ਹਨ, ਜਿਸ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਕੁਝ ਹੱਦ ਤੱਕ ਸੁਚਾਰੂ ਕੀਤਾ ਜਾ ਸਕੇ, ਪਰ ਇਸ ਲਈ ਈਰਾਨ ਦੀਆਂ ਹੋਰ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਓਮਾਨ ਅਤੇ ਈਰਾਨ ਵਿਚਾਲੇ ਸਹਿਮਤੀ ਬਣ ਜਾਣ ਤੋਂ ਬਾਅਦ ਵੀ ਹੋਰਮੁਜ਼ ਵਿੱਚ ਆਵਾਜਾਈ ਤੁਰੰਤ ਪੂਰੀ ਤਰ੍ਹਾਂ ਬਹਾਲ ਹੋਣ ਦੀ ਸੰਭਾਵਨਾ ਨਹੀਂ ਹੈ।

ਅਰਾਘਚੀ ਨੇ ਦੱਸਿਆ ਕਿ ਈਰਾਨ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਸਿੱਧੀ ਗੱਲਬਾਤ ਨਹੀਂ ਹੋਈਹਾਲਾਂਕਿ, ਦੋਵੇਂ ਧਿਰਾਂ ਵਿਚਾਲੇ ਵਿਚੋਲਿਆਂ ਰਾਹੀਂ ਸੁਨੇਹਿਆਂ ਦਾ ਆਦਾਨ-ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਮਰੀਕਾ ਨੇ ਜੂਨ ਵਿੱਚ ਹੋਏ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ। ਇਸ ਕਾਰਨ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਭਰੋਸੇ ਦੀ ਕਮੀ ਹੋਰ ਵਧੀ ਹੈ।

ਈਰਾਨ ਨੇ ਅਮਰੀਕਾ ਮੁਹਰੇ ਰੱਖੀਆਂ ਵੱਡੀਆਂ ਸ਼ਰਤਾਂ

ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੁਹੰਮਦ ਬਾਘੇਰ ਜੋਲਘਾਦਰ ਨੇ ਪਹਿਲਾਂ ਕਿਹਾ ਸੀ ਕਿ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਈਰਾਨ ਖ਼ਿਲਾਫ਼ ਪਾਬੰਦੀਆਂ ਹਟਾਉਣੀਆਂ ਪੈਣਗੀ। ਇਸਦੇ ਨਾਲ ਹੀ ਉਨ੍ਹਾਂ ਈਰਾਨ ਦੇ ਆਲੇ-ਦੁਆਲੇ ਮੌਜੂਦ ਅਮਰੀਕੀ ਫੌਜ ਨੂੰ ਵੀ ਹਟਾਉਣ ਦੀ ਗੱਲ ਕਹੀ ਸੀ। ਇਸਤੋਂ ਇਲਾਵਾ ਈਰਾਨ ਨੇ ਜੰਗ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਅਤੇ ਵਿਦੇਸ਼ਾਂ ਵਿੱਚ ਜਮ੍ਹਾਂ ਈਰਾਨੀ ਸੰਪਤੀਆਂ ਨੂੰ ਜਾਰੀ ਕਰਨ ਦੀ ਸ਼ਰਤ ਵੀ ਸਾਹਮਣੇ ਰੱਖੀ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਖ਼ਿਲਾਫ਼ ਹਮਲੇ ਰੋਕਣ ਅਤੇ ਉਸਨੂੰ ਮਿਲਣ ਵਾਲੀਆਂ ਧਮਕੀਆਂ ਨੂੰ ਵੀ ਬੰਦ ਕਰਨ ਦੀ ਮੰਗ ਕੀਤੀ।


ਕਿਉਂ ਮਹੱਤਵਪੂਰਨ ਹੈ ਹੋਰਮੁਜ਼ ਜਲਡਮਰੂ?

ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭੂਗੋਲਿਕ ਸਥਿਤੀ ਦੇ ਕਾਰਨ ਇਹ ਜਲਮਾਰਗ ਵਿਸ਼ਵ ਪੱਧਰ 'ਤੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਲਈ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 2023 ਤੋਂ 2025 ਦੇ ਵਿਚਕਾਰ ਦੁਨੀਆ ਦੇ ਕੁੱਲ ਸਮੁੰਦਰੀ LNG ਵਪਾਰ ਦਾ ਲਗਭਗ ਪੰਜਵਾਂ ਹਿੱਸਾ ਅਤੇ ਸਮੁੰਦਰੀ ਰਸਤੇ ਹੋਣ ਵਾਲੇ ਤੇਲ ਵਪਾਰ ਦਾ ਕਰੀਬ ਇੱਕ ਚੌਥਾਈ ਹਿੱਸਾ ਹੋਰਮੁਜ਼ ਜਲਡਮਰੂ ਰਾਹੀਂ ਹੋਇਆ। ਇਸ ਕਰਕੇ ਜੇਕਰ ਇਸ ਸਮੁੰਦਰੀ ਰਸਤੇ 'ਤੇ ਲੰਬੇ ਸਮੇਂ ਲਈ ਆਵਾਜਾਈ ਰੁਕ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਕੱਚੇ ਤੇਲ, ਗੈਸ ਅਤੇ ਊਰਜਾ ਦੀਆਂ ਵਿਸ਼ਵ ਕੀਮਤਾਂ 'ਤੇ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਏਸ਼ੀਆ ਅਤੇ ਹੋਰ ਬਾਜ਼ਾਰਾਂ ਵਿੱਚ ਈਂਧਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਜਾਂਦੀ ਹੈ।

ਫਰਵਰੀ ਤੋਂ ਬੰਦ ਹੈ ਸਮੁੰਦਰੀ ਰਸਤਾ

ਫਰਵਰੀ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਹੋਰਮੁਜ਼ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ਦੀ ਆਮ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਸਥਿਤੀ ਨੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਅਤੇ ਊਰਜਾ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਅਮਰੀਕਾ ਦੀ ਮੰਗ ਹੈ ਕਿ ਈਰਾਨ ਅੰਤਰਰਾਸ਼ਟਰੀ ਜਹਾਜ਼ਾਂ ਲਈ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਖੁੱਲ੍ਹਾ ਰੱਖੇ, ਤਾਂ ਜੋ ਤੇਲ ਅਤੇ ਹੋਰ ਊਰਜਾ ਉਤਪਾਦਾਂ ਦੀ ਆਵਾਜਾਈ ਬਿਨਾਂ ਰੁਕਾਵਟ ਜਾਰੀ ਰਹੇ। ਦੂਜੇ ਪਾਸੇ, ਈਰਾਨ ਨੇ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਹੈ। ਤਹਿਰਾਨ ਵੱਲੋਂ ਇਸ ਦੇ ਉਲਟ ਜਲਡਮਰੂ ਰਾਹੀਂ ਲੰਘਣ ਵਾਲੇ ਜਹਾਜ਼ਾਂ 'ਤੇ ਟੈਕਸ ਜਾਂ ਫੀਸ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। 
 

Recent News