Courtesy: X@Maks_NAFO_FELLA
ਨਵੀਂ ਦਿੱਲੀ: ਰੂਸ ਦੇ ਤਾਤਾਰਸਤਾਨ ਖੇਤਰ ਦੇ ਨਿਜ਼ਨੇਕਾਮਸਕ ਸ਼ਹਿਰ ਵਿੱਚ ਉਦਯੋਗਿਕ ਅਤੇ ਨਾਗਰਿਕ ਟਿਕਾਣਿਆਂ 'ਤੇ ਯੂਕਰੇਨੀ ਡਰੋਨ ਹਮਲੇ ਹੋਏ ਹਨ, ਜਿਸ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਅਤੇ 39 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਇਨ੍ਹਾਂ ਹਮਲਿਆਂ 'ਚ ਸ਼ਹਿਰ ਦੇ ਉਦਯੋਗਿਕ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਜਾਣਕਾਰੀ ਨਿਜ਼ਨੇਕਾਮਸਕ ਦੇ ਮੇਅਰ ਰਾਦਮੀਰ ਬੇਲਿਆਏਵ ਨੇ ਸੋਮਵਾਰ ਨੂੰ ਸਾਂਝਾ ਕੀਤੀ।
ਨਿਜ਼ਨੇਕਾਮਸਕ ਤਾਤਾਰਸਤਾਨ ਦਾ ਇੱਕ ਮਹੱਤਵਪੂਰਨ ਉਦਯੋਗਿਕ ਸ਼ਹਿਰ ਹੈ ਅਤੇ ਇੱਥੇ ਰੂਸ ਦੀਆਂ ਵੱਡੀਆਂ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਸਥਿਤ ਹੈ। ਯੂਕਰੇਨੀ ਡਰੋਨ ਹਮਲੇ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਅਤੇ ਪ੍ਰਭਾਵਿਤ ਥਾਵਾਂ ’ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਇਸ ਯੂਕਰੇਨੀ ਹਮਲੇ 'ਤੇ ਨਿਜ਼ਨੇਕਾਮਸਕ ਦੇ ਮੇਅਰ ਰਾਦਮੀਰ ਬੇਲਿਆਏਵ ਨੇ ਖੇਤਰ ਵਿੱਚ ਸੋਗ ਦਾ ਐਲਾਨ ਕੀਤਾ ਹੈ।
ਰੂਸੀ ਮੀਡੀਆ ਦੀਆਂ ਰਿਪੋਰਟਾਂ, ਮੁਤਾਬਕ ਹਮਲੇ ਦੌਰਾਨ ਨਿਜ਼ਨੇਕਾਮਸਕ ਸਥਿਤ ਤੇਲ ਰਿਫਾਈਨਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਰਿਫਾਈਨਰੀ ਰੂਸ ਦੀਆਂ ਤਕਨੀਕੀ ਤੌਰ ’ਤੇ ਸਭ ਤੋਂ ਆਧੁਨਿਕ ਰਿਫਾਈਨਰੀਆਂ ਵਿੱਚ ਗਿਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡਿਓਜ਼ ਵਿੱਚ ਇੱਕ ਕੰਪਲੈਕਸ ਦੇ ਉਪਰੋਂ ਧੂੰਏ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧੂੰਆਂ ਤੇਲ ਰਿਫਾਈਨਰੀ ਵਾਲੇ ਇਲਾਕੇ ਤੋਂ ਉੱਠਿਆ। ਹਾਲਾਂਕਿ, ਇਨ੍ਹਾਂ ਵੀਡੀਓਜ਼ ਦੀ ਅਜੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਸਕੀ ਹੈ।
ਹਮਲੇ ਵਿੱਚ ਪ੍ਰਭਾਵਿਤ ਹੋਈ ਟੈਟਨੇਫਟ ਦੀ ਟੈਨੇਕੋ ਰਿਫਾਇਨਰੀ ਰੂਸ ਦੇ ਤੇਲ ਉਦਯੋਗ ਲਈ ਕਾਫੀ ਮਹਤੱਵਪੂਰਣ ਦੱਸੀ ਜਾ ਰਹੀ ਹੈ, ਜਿਸ ਨੇ ਸਾਲ 2024 ਵਿੱਚ 17 ਮਿਲੀਅਨ ਟਨ ਕੱਚੇ ਤੇਲ ਦੀ ਪ੍ਰਕਿਰਿਆ ਕੀਤੀ। ਇਸ ਨਾਲ 2.7 ਮਿਲੀਅਨ ਟਨ ਪੈਟਰੋਲ ਅਤੇ 8.5 ਮਿਲੀਅਨ ਟਨ ਡੀਜ਼ਲ ਬਾਲਣ ਪੈਦਾ ਹੋਇਆ।
ਯੂਕਰੇਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਰੂਸੀ ਤੇਲ ਰਿਫਾਇਨਰੀਆਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਕਾਰਨ ਰੂਸ ਦੇ ਕਈ ਹਿੱਸਿਆਂ ਵਿੱਚ ਬਾਲਣ ਦੀ ਕਮੀ ਆਈ ਹੈ। ਰਿਪੋਰਟਾਂ ਅਨੁਸਾਰ ਜੂਨ ਦੀ ਸ਼ੁਰੂਆਤ ਵਿੱਚ ਵੀ ਇਸ ਰਿਫਾਈਨਰੀ ’ਤੇ ਹਮਲਾ ਕੀਤਾ ਗਿਆ ਸੀ।