ਅੱਜਕੱਲ੍ਹ ਬਹੁਤ ਸਾਰੇ ਲੋਕ ਪੇਟ ਦੇ ਆਲੇ-ਦੁਆਲੇ ਵੱਧ ਰਹੀ ਚਰਬੀ ਤੋਂ ਪਰੇਸ਼ਾਨ ਹਨ। ਮਾਹਿਰਾਂ ਮੁਤਾਬਕ ਲੰਬੇ ਸਮੇਂ ਤੱਕ ਜਮਿਆ ਬੈਲੀ ਫੈਟ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾ ਸਕਦਾ ਹੈ।
ਫਿਟਨੈੱਸ ਕੋਚ ਅੰਜਲੀ ਸਚਾਨ ਦਾ ਕਹਿਣਾ ਹੈ ਕਿ ਫੈਟੀ ਸ਼ਰੀਰ ਦਾ ਅਸਲੀ ਰਾਜ ਘੱਟ ਖਾਣਾ ਨਹੀਂ, ਸਗੋਂ ਸਹੀ ਅਤੇ ਸੰਤੁਲਿਤ ਖਾਣਾ ਹੈ। ਜੇਕਰ ਡਾਇਟ ਅਤੇ ਫਿਜ਼ੀਕਲ ਐਕਟਿਵਿਟੀ ਨੂੰ ਇਕੱਠੇ ਅਪਣਾਇਆ ਜਾਵੇ ਤਾਂ ਨਤੀਜੇ ਕਾਫ਼ੀ ਵਧੀਆ ਮਿਲ ਸਕਦੇ ਹਨ।
ਅੰਜਲੀ ਸਚਾਨ ਦੇ ਅਨੁਸਾਰ ਵਜ਼ਨ ਘਟਾਉਣ ਦਾ ਲਗਭਗ 70 ਫ਼ੀਸਦੀ ਹਿੱਸਾ ਤੁਹਾਡੀ ਡਾਇਟ 'ਤੇ ਨਿਰਭਰ ਕਰਦਾ ਹੈ। ਇਸ ਲਈ ਹਰ ਮੀਲ ਸੰਤੁਲਿਤ ਹੋਣੀ ਚਾਹੀਦੀ ਹੈ।
ਉਹ ਸਲਾਹ ਦਿੰਦੀ ਹੈ ਕਿ ਰੋਜ਼ਾਨਾ ਖੁਰਾਕ ਵਿੱਚ 30 ਤੋਂ 40 ਗ੍ਰਾਮ ਪ੍ਰੋਟੀਨ, ਫਾਈਬਰ ਅਤੇ ਸਿਹਤਮੰਦ ਕਾਰਬੋਹਾਈਡ੍ਰੇਟਸ ਨੂੰ ਸ਼ਾਮਲ ਕੀਤਾ ਜਾਵੇ। ਇਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ।
ਫਿਟਨੈੱਸ ਕੋਚ ਮੁਤਾਬਕ ਸਨੈਕਸ ਲਈ ਵੀ ਸਹੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਨਾਰੀਅਲ ਪਾਣੀ, ਕੀਵੀ, ਬੀਜ ਅਤੇ ਡ੍ਰਾਈ ਫਰੂਟਸ ਵਰਗੇ ਵਿਕਲਪ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੋਸੈਸਡ ਫੂਡ, ਮਿੱਠੇ ਪੇਅ ਅਤੇ ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਵਾਧੂ ਕੈਲੋਰੀਜ਼ ਅਤੇ ਫੈਟ ਵਧਾਉਣ ਦਾ ਕੰਮ ਕਰਦੇ ਹਨ।
ਬੈਲੀ ਫੈਟ ਘਟਾਉਣ ਲਈ ਸਿਰਫ਼ ਡਾਇਟ ਹੀ ਨਹੀਂ, ਸਗੋਂ ਤੁਰਨਾ ਵੀ ਬਹੁਤ ਮਹੱਤਵਪੂਰਨ ਹੈ। ਮਾਹਿਰ ਹਰ ਰੋਜ਼ 10,000 ਤੋਂ 12,000 ਕਦਮ ਤੁਰਨ ਦੀ ਸਲਾਹ ਦਿੰਦੇ ਹਨ। ਇਸ ਟਾਰਗੇਟ ਨੂੰ ਪੂਰਾ ਕਰਨ ਲਈ ਹਰ ਖਾਣੇ ਤੋਂ ਬਾਅਦ 10 ਤੋਂ 15 ਮਿੰਟ ਦੀ ਸੈਰ ਕੀਤੀ ਜਾ ਸਕਦੀ ਹੈ। ਸਵੇਰ ਦੀ ਵਾਕ ਅਤੇ ਇਨਕਲਾਈਨ ਟ੍ਰੈਡਮਿੱਲ ਦੀ ਵਰਤੋਂ ਵੀ ਫਾਇਦੇਮੰਦ ਹੋ ਸਕਦੀ ਹੈ।
ਫੈਟੀ ਸ਼ਰੀਰ ਲਈ ਨਿਯਮਿਤ ਵਰਕਆਉਟ ਵੀ ਉਤਨਾ ਹੀ ਜ਼ਰੂਰੀ ਹੈ। ਘਰ ਜਾਂ ਜਿਮ ਵਿੱਚ ਕੀਤੀ ਗਈ ਐਕਸਰਸਾਈਜ਼ ਕੈਲੋਰੀਜ਼ ਬਰਨ ਕਰਨ ਵਿੱਚ ਮਦਦ ਕਰਦੀ ਹੈ ਅਤੇ ਸਰੀਰ ਨੂੰ ਫਿੱਟ ਰੱਖਦੀ ਹੈ।
ਯੋਗਾ, ਵੇਟ ਟ੍ਰੇਨਿੰਗ, ਤੈਰਾਕੀ ਜਾਂ ਕੋਈ ਵੀ ਮਨਪਸੰਦ ਫਿਜ਼ੀਕਲ ਐਕਟਿਵਿਟੀ ਅਪਣਾਈ ਜਾ ਸਕਦੀ ਹੈ। ਨਿਯਮਿਤ ਕਸਰਤ ਅਤੇ ਸੰਤੁਲਿਤ ਡਾਇਟ ਮਿਲ ਕੇ ਸਰੀਰ ਨੂੰ ਕੈਲੋਰੀ ਡੈਫਿਸਿਟ ਵਿੱਚ ਰੱਖਦੇ ਹਨ, ਜਿਸ ਨਾਲ ਵਜ਼ਨ ਘਟਾਉਣਾ ਆਸਾਨ ਹੋ ਜਾਂਦਾ ਹੈ।
ਅੰਜਲੀ ਸਚਾਨ ਦੱਸਦੀ ਹੈ ਕਿ ਸਿਰਫ਼ ਐਕਸਰਸਾਈਜ਼ ਕਰਨਾ ਹੀ ਕਾਫ਼ੀ ਨਹੀਂ ਹੁੰਦਾ। ਸਰੀਰ ਨੂੰ ਠੀਕ ਤਰ੍ਹਾਂ ਰਿਕਵਰ ਹੋਣ ਲਈ ਪੂਰੀ ਨੀਂਦ ਅਤੇ ਆਰਾਮ ਦੀ ਵੀ ਲੋੜ ਹੁੰਦੀ ਹੈ। ਉਹ ਹਰ ਰੋਜ਼ 7 ਤੋਂ 8 ਘੰਟੇ ਦੀ ਨੀਂਦ ਲੈਣ, ਰੈਸਟ ਡੇ ਰੱਖਣ ਅਤੇ ਸਟ੍ਰੈਚਿੰਗ ਕਰਨ ਦੀ ਸਲਾਹ ਦਿੰਦੀ ਹੈ। ਜਦੋਂ ਸਰੀਰ ਨੂੰ ਪੂਰੀ ਰਿਕਵਰੀ ਮਿਲਦੀ ਹੈ ਤਾਂ ਮੈਟਾਬੋਲਿਜ਼ਮ ਮਜ਼ਬੂਤ ਹੁੰਦਾ ਹੈ ਅਤੇ ਫੈਟ ਲਾਸ ਦੀ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣ ਜਾਂਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਬੈਲੀ ਫੈਟ ਘਟਾਉਣ ਲਈ ਕਿਸੇ ਸਖ਼ਤ ਡਾਇਟ ਜਾਂ ਭੁੱਖੇ ਰਹਿਣ ਦੀ ਲੋੜ ਨਹੀਂ ਹੁੰਦੀ। ਸਹੀ ਖਾਣ-ਪੀਣ, ਨਿਯਮਿਤ ਤੁਰਨਾ, ਕਸਰਤ ਅਤੇ ਚੰਗੀ ਨੀਂਦ ਵਰਗੀਆਂ ਆਦਤਾਂ ਅਪਣਾ ਕੇ ਹੌਲੀ-ਹੌਲੀ ਪਰ ਸਥਾਈ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।
ਜੇਕਰ ਇਹ ਆਦਤਾਂ ਲੰਬੇ ਸਮੇਂ ਲਈ ਅਪਣਾਈਆਂ ਜਾਣ ਤਾਂ ਨਾ ਸਿਰਫ਼ ਪੇਟ ਦੀ ਚਰਬੀ ਘਟ ਸਕਦੀ ਹੈ, ਸਗੋਂ ਸਮੁੱਚੀ ਸਿਹਤ ਵੀ ਬਿਹਤਰ ਹੋ ਸਕਦੀ ਹੈ।