ਭਿਆਨਕ ਗਰਮੀ ‘ਚ ਬਜ਼ਾਰਾਂ ‘ਚ ਮਿਲਣ ਵਾਲੇ ਕੈਮੀਕਲ ਬੇਸਡ ਕੋਲਡ ਡਰਿੰਕਸ ਭਾਵੇਂ ਕੁਝ ਪਲਾਂ ਲਈ ਗਰਮੀ ਤੋਂ ਰਾਹਤ ਦੇ ਦਿੰਦੇ ਹਨ, ਪਰ ਇਹ ਸਿਹਤ ਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ। ਜੇਕਰ ਤੁਸੀਂ ਕੁਦਰਤੀ, ਸੁਆਦਲਾ ਅਤੇ ਸਿਹਤਮੰਦ ਪੀਣ ਵਾਲਾ ਪਦਾਰਥ ਲੱਭ ਰਹੇ ਹੋ, ਤਾਂ ‘ਖਸ ਦਾ ਸ਼ਰਬਤ’ ਤੁਹਾਡੇ ਲਈ ਸਭ ਤੋਂ ਵਧੀਆ ਹੈ। ਦਰਅਸਲ, ਖਸ ਦੀ ਤਾਸੀਰ ਬਹੁਤ ਠੰਡੀ ਮੰਨੀ ਜਾਂਦੀ ਹੈ। ਇਸ ਦਾ ਸ਼ਰਬਤ ਨਾ ਸਿਰਫ ਤੁਹਾਡੀ ਪਿਆਸ ਬੁਝਾਉਂਦਾ ਹੈ, ਸਗੋਂ ਪੇਟ ਅਤੇ ਸਰੀਰ ਦੀ ਅੰਦਰੂਨੀ ਗਰਮੀ ਨੂੰ ਵੀ ਸ਼ਾਂਤ ਕਰ ਦਿੰਦਾ ਹੈ। ਆਓ ਜਾਣਦੇ ਹਾਂ ਘਰ ਵਿੱਚ ਹੀ ਖਸ ਦਾ ਸ਼ਰਬਤ ਬਣਾਉਣ ਦਾ ਸੌਖਾ ਤਰੀਕਾ।
- ਖਸ ਦੀਆਂ ਜੜ੍ਹਾਂ: 50 ਗ੍ਰਾਮ (ਕਿਸੇ ਵੀ ਪੰਸਾਰੀ ਜਾਂ ਆਯੁਰਵੈਦਿਕ ਦੁਕਾਨ ‘ਤੇ ਮਿਲ ਜਾਣਗੀਆਂ)
- ਚੀਨੀ: 2 ਕੱਪ
- ਪਾਣੀ: 4 ਕੱਪ (ਉਬਾਲਣ ਲਈ)
- ਨਿੰਬੂ ਦਾ ਰਸ: 1-2 ਚਮਚ
- ਹਰਾ ਫੂਡ ਕਲਰ: 2-3 ਬੂੰਦਾਂ
- ਬਰਫ਼ ਦੇ ਟੁਕੜੇ: ਸਰਵ ਕਰਨ ਲਈ
1. ਸਭ ਤੋਂ ਪਹਿਲਾਂ ਖਸ ਦੀਆਂ ਜੜ੍ਹਾਂ ਨੂੰ ਵਗਦੇ ਪਾਣੀ ਹੇਠ ਚੰਗੀ ਤਰ੍ਹਾਂ ਧੋ ਲਵੋ।
2. ਇਕ ਬਰਤਨ ‘ਚ ਸਾਫ਼ ਪਾਣੀ ਪਾਓ ਅਤੇ ਜੜ੍ਹਾਂ ਨੂੰ ਰਾਤ ਭਰ (8-10 ਘੰਟੇ) ਲਈ ਭਿਓ ਕੇ ਰੱਖ ਦਿਓ।
3. ਅਗਲੇ ਦਿਨ ਜੜ੍ਹਾਂ ਨੂੰ ਉਸੇ ਪਾਣੀ ਸਮੇਤ ਮੱਧਮ ਅੱਚ ‘ਤੇ 15-20 ਮਿੰਟ ਉਬਾਲੋ। ਜੜ੍ਹਾਂ ਦਾ ਸਾਰਾ ਅਰਕ ਪਾਣੀ ‘ਚ ਆ ਜਾਵੇਗਾ। ਗੈਸ ਬੰਦ ਕਰਕੇ ਪਾਣੀ ਛਾਣ ਲਵੋ।
4. ਇਕ ਹੋਰ ਬਰਤਨ ‘ਚ 2 ਕੱਪ ਚੀਨੀ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਚਾਸ਼ਨੀ ਬਣਾਓ। ਜਦੋਂ ਚੀਨੀ ਘੁਲ ਜਾਵੇ ਤਾਂ ਇਸ ‘ਚ ਛਾਣਿਆ ਖਸ ਵਾਲਾ ਪਾਣੀ ਮਿਲਾ ਦਿਓ। 2-3 ਮਿੰਟ ਪਕਾ ਕੇ ਠੰਡਾ ਕਰੋ।
5. ਠੰਡਾ ਹੋਣ ‘ਤੇ ਇਸ ‘ਚ 1-2 ਚਮਚ ਨਿੰਬੂ ਰਸ ਪਾਓ। ਨਿੰਬੂ ਸਵਾਦ ਤਾਂ ਵਧਾਵੇਗਾ ਹੀ, ਨਾਲ ਹੀ ਸ਼ਰਬਤ ਨੂੰ ਖਰਾਬ ਹੋਣ ਤੋਂ ਵੀ ਬਚਾਏਗਾ। ਜੇ ਬਜ਼ਾਰ ਜਿਹਾ ਰੰਗ ਚਾਹੀਦਾ ਹੈ ਤਾਂ 2-3 ਬੂੰਦ ਹਰਾ ਕਲਰ ਪਾ ਸਕਦੇ ਹੋ।
6. ਤਿਆਰ ਸ਼ਰਬਤ ਨੂੰ ਕੱਚ ਦੀ ਬੋਤਲ ‘ਚ ਭਰ ਕੇ ਫਰਿੱਜ ‘ਚ ਸਟੋਰ ਕਰੋ। ਇਹ ਮਹੀਨਿਆਂ ਤੱਕ ਖਰਾਬ ਨਹੀਂ ਹੁੰਦਾ।