Courtesy: pinterest
ਨਾਸਿਕ: ਮਹਾਰਾਸ਼ਟਰ ਦੇ ਨਾਸਿਕ 'ਚ ਅੱਜ ਸਵੇਰੇ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਦਹਲਾ ਦਿੱਤਾ। ਇੱਥੇ 9 ਅਗਸਤ ਨੂੰ ਸਵੇਰੇ 5:33 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਕੱਝ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ 'ਤੇ ਦਰਾੜਾਂ ਆ ਗਈਆ। ਹਾਲਾਂਕਿ, ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਭੂਚਾਲ ਦੀ ਤੀਬਰਤਾ 3.3 ਦਰਜ ਕੀਤੀ ਗਈ।
ਇਸਤੋਂ ਪਹਿਲਾਂ ਸ਼ਨੀਵਾਰ ਰਾਤ ਕਰੀਬ 10 ਵਜੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸਦੀ ਰਿਕਟਲ ਸਕੇਲ 'ਤੇ 4.3 ਤੀਬਰਤਾ ਦਰਜ ਕੀਤੀ ਗਈ ਸੀ। ਇਸ ਮਗਰੋਂ ਤੜਕੇ ਸਵੇਰੇ ਦੂਜੀ ਵਾਰ ਧਰਤੀ ਹਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਵੇਰੇ 5:33 ਵਜੇ 3.3 ਦੀ ਤੀਬਰਤਾ ਨਾਲ ਭੂਚਾਲ ਆਇਆ। ਭੂਚਾਲ ਦੇ ਇਨ੍ਹਾਂ ਝਟਕਿਆਂ ਨਾਲ ਕਈ ਘਰਾਂ ਦੀਆਂ ਦੀਵਾਰਾਂ ਵਿੱਚ ਦਰਾੜਾਂ ਪੈ ਗਈਆਂ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (NCS) ਦੇ ਅਨੁਸਾਰ, ਸ਼ਨੀਵਾਰ ਨੂੰ ਆਏ ਭੂਚਾਲ ਦੀ ਤੀਬਰਤਾ ਲਗਭਗ 4.3 ਸੀ। ਇਸਦਾ ਕੇਂਦਰ ਮਹਾਰਾਸ਼ਟਰ-ਗੁਜਰਾਤ ਸਰਹੱਦ ਦੇ ਨੇੜੇ 5 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲਾਂ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਘਰਾਂ ਅਤੇ ਦੁਕਾਨਾਂ ਵਿੱਚ ਤਰੇੜਾਂ ਦਿਖਾਈ ਦੇਣ ਦੀਆਂ ਵੀ ਰਿਪੋਰਟਾਂ ਹਨ। ਹਾਲਾਂਕਿ, ਹੁਣ ਤੱਕ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਨਾਸਿਕ ਸ਼ਹਿਰ ਤੋਂ ਇਲਾਵਾ ਸੁਰਗਾਨਾ, ਕਲਵਾਨ, ਦੇਵਲਾ, ਚਾਂਦਵੜ, ਪੇਠ, ਦਿਨਦੋਰੀ ਅਤੇ ਨਿਫਾੜ ਤਾਲੁਕਾਵਾਂ ਵਿੱਚ ਵੀ ਸਪੱਸ਼ਟ ਤੌਰ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਦਹਿਸ਼ਤ 'ਚ ਆਏ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਪਿਛਲੇ ਹਫ਼ਤੇ ਤੋਂ ਨਾਸਿਕ ਵਿੱਚ ਭੂਚਾਲ ਦੇ ਝਟਕਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਭੂਚਾਲ ਦੀ ਰਿਪੋਰਟਾਂ ਤੋਂ ਬਾਅਦ ਹੁਣ ਨਾਸਿਕ ਜ਼ਿਲ੍ਹਾ ਪ੍ਰਸ਼ਾਸਨ ਹੁਣ ਹਾਈ ਅਲਰਟ 'ਤੇ ਹੈ। ਨਾਸਿਕ ਦੇ ਕੁਲੈਕਟਰ ਆਯੁਸ਼ ਪ੍ਰਸਾਦ ਨੇ ਜਨਤਾ ਨੂੰ ਚੌਕਸ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਭੂਚਾਲ ਦੇ ਝਟਕਿਆਂ ਦੌਰਾਨ ਉਹ ਘਰ ਦੇ ਅੰਦਰ ਹਨ, ਤਾਂ ਉਨ੍ਹਾਂ ਨੂੰ ਖਿੜਕੀਆਂ, ਸ਼ੀਸ਼ੇ, ਅਲਮਾਰੀਆਂ ਅਤੇ ਭਾਰੀ ਵਸਤੂਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਸੰਭਵ ਹੋਵੇ, ਤਾਂ ਕਿਸੇ ਨੂੰ ਇੱਕ ਮਜ਼ਬੂਤ ਮੇਜ਼ ਹੇਠਾਂ ਪਨਾਹ ਲੈਣੀ ਚਾਹੀਦੀ ਹੈ। ਭੂਚਾਲ ਦੇ ਝਟਕਿਆਂ ਦੌਰਾਨ ਲਿਫਟਾਂ ਦੀ ਵਰਤੋਂ ਨਾ ਕਰੋ ਜਾਂ ਬਾਹਰ ਭੱਜਣ ਦੀ ਕੋਸ਼ਿਸ਼ ਨਾ ਕਰੋ। ਇੱਕ ਵਾਰ ਝਟਕੇ ਬੰਦ ਹੋਣ ਤੋਂ ਬਾਅਦ, ਘਰਾਂ ਤੋਂ ਬਾਹਰ ਸੁਰੱਖਿਅਤ ਦੂਰੀ 'ਤੇ ਕਿਸੇ ਖੁੱਲ੍ਹੇ ਖੇਤਰ ਵਿੱਚ ਚਲੇ ਜਾਓ। ਇਸ ਦੌਰਾਨ ਲੋਕਾਂ ਨੂੰ ਬਿਜਲੀ ਦੀਆਂ ਲਾਈਨਾਂ, ਰੁੱਖਾਂ ਅਤੇ ਖਤਰਨਾਕ ਢਾਂਚਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਸਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਅਤੇ ਅਣ-ਪ੍ਰਮਾਣਿਤ ਖ਼ਬਰਾਂ ਦੀਆਂ ਰਿਪੋਰਟਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ।