ਮੈਡੀਕਲ ਪ੍ਰਵੇਸ਼ ਪ੍ਰੀਖਿਆ NEET-2025 ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਮੁੱਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਹੌਸਲਾ ਭਰਿਆ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਅੱਜ (ਐਤਵਾਰ) ਹੋਣ ਵਾਲੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਤਣਾਅ ਤੋਂ ਬਚਣ ਅਤੇ ਸ਼ਾਂਤ ਮਨ ਨਾਲ ਆਪਣਾ ਪ੍ਰਦਰਸ਼ਨ ਦੇਣ ਦੀ ਸਲਾਹ ਦਿੱਤੀ।
ਆਪਣੇ ਵੀਡੀਓ ਸੰਦੇਸ਼ ਵਿੱਚ ਕੇਜਰੀਵਾਲ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸੰਘਰਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਦੋ ਵਾਰ ਪ੍ਰੀਖਿਆ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ। ਉਨ੍ਹਾਂ ਮੰਨਿਆ ਕਿ ਨੀਟ ਜਿਹੀ ਪ੍ਰਤੀਯੋਗੀ ਪਰੀਖਿਆ ਦਾ ਸਾਮ੍ਹਣਾ ਕਰਨਾ ਹਰ ਕਿਸੇ ਲਈ ਔਖਾ ਹੁੰਦਾ ਹੈ, ਪਰ ਇਹ ਸਮਾਂ ਆਪਣੇ ਅੰਦਰ ਦੇ ਤਣਾਅ ਨੂੰ ਜਿੱਤਣ ਦਾ ਵੀ ਹੈ।
ਸਾਬਕਾ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਪਿਛਲੀਆਂ ਉਲਝਣਾਂ ਅਤੇ ਅੜਚਨਾਂ ਨੂੰ ਪਿੱਛੇ ਛੱਡ ਕੇ ਹੁਣ ਆਪਣੀ ਤਿਆਰੀ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, "ਬੱਸ ਕੁਝ ਘੰਟਿਆਂ ਦੀ ਗੱਲ ਹੈ। ਸ਼ਾਂਤੀ ਅਤੇ ਸਥਿਰਤਾ ਨਾਲ ਪ੍ਰੀਖਿਆ ਹਾਲ ਵਿੱਚ ਜਾਣਾ, ਇਹੀ ਸਫ਼ਲਤਾ ਦੀ ਕੁੰਜੀ ਹੈ।"
ਵਿਦਿਆਰਥੀਆਂ ਦੀਆਂ ਯੋਗਤਾਵਾਂ ’ਤੇ ਪੂਰਾ ਵਿਸ਼ਵਾਸ ਜ਼ਾਹਰ ਕਰਦਿਆਂ ਕੇਜਰੀਵਾਲ ਨੇ ਕਿਹਾ, "ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਸ਼ਾਨਦਾਰ ਨਤੀਜੇ ਹਾਸਲ ਕਰੋਗੇ। NEET ਵਿੱਚ ਸਫ਼ਲ ਹੋ ਕੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਵਧੀਆ ਡਾਕਟਰਾਂ ਵਜੋਂ ਦੇਸ਼ ਦੀ ਸੇਵਾ ਕਰੋਗੇ।" ਉਨ੍ਹਾਂ ਸੰਦੇਸ਼ ਦੇ ਅਖ਼ੀਰ ਵਿੱਚ ਸਾਰੇ ਪ੍ਰੀਖਿਆਰਥੀਆਂ ਨੂੰ 'ਆਲ ਦ ਬੈਸਟ' ਕਹਿ ਕੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।