menu-icon
Punjabi Story Line
  • Home
  • News
  • National
  • ਹੋਰਮੁਜ਼ ਤੋਂ ਸਾਹਮਣੇ ਆਈ ਰਾਹਤ ਭਰੀ ਖ਼ਬਰ, DAP ਅਤੇ ਯੂਰੀਆ ਨਾਲ ਲੱਦੇ 15 ਜਹਾਜ਼ ਆ ਰਹੇ ਭਾਰਤ

ਹੋਰਮੁਜ਼ ਤੋਂ ਸਾਹਮਣੇ ਆਈ ਰਾਹਤ ਭਰੀ ਖ਼ਬਰ, DAP ਅਤੇ ਯੂਰੀਆ ਨਾਲ ਲੱਦੇ 15 ਜਹਾਜ਼ ਆ ਰਹੇ ਭਾਰਤ

ਹੋਰਮੁਜ਼ ਜਲਡਮਰੂਮੱਧ ਤੋਂ ਭਾਰਤ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਖਾਦ ਅਤੇ ਇਸ ਲਈ ਲੋੜੀਂਦਾ ਕੱਚਾ ਮਾਲ ਲੈ ਕੇ ਆ ਰਹੇ 15 ਜਹਾਜ਼ ਸੁਰੱਖਿਅਤ ਹੋਰਮੁਜ਼ ਪਾਰ ਚੁੱਕੇ ਹਨ। 

Date Updated Last Updated : 06 July 2026, 03:54 PM IST
Share:

ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਗਲੋਬਲ ਸਪਲਾਈ ਚੇਨ 'ਤੇ ਪਏ ਪ੍ਰਭਾਵ ਦੇ ਬਾਵਜੂਦ ਭਾਰਤ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਖਾਦ ਅਤੇ ਇਸ ਲਈ ਲੋੜੀਂਦਾ ਕੱਚਾ ਮਾਲ ਲੈ ਕੇ ਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੁਜ਼ ਜਲਡਮਰੂਮੱਧ (Strait of Hormuz) ਪਾਰ ਕਰ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਦੇਸ਼ ਵਿੱਚ ਖਾਦ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਲਈ ਹਰ ਲੋੜੀਂਦਾ ਕਦਮ ਚੁੱਕਿਆ ਗਿਆ ਹੈ।

15 ਜਹਾਜ਼ ਆ ਰਹੇ ਭਾਰਤ

ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਭਾਰਤ ਵੱਲ ਆ ਰਹੇ 15 ਜਹਾਜ਼ਾਂ ਵਿੱਚੋਂ ਅੱਠ ਜਹਾਜ਼ਾਂ ਵਿੱਚ ਲਗਭਗ 3.32 ਲੱਖ ਮੀਟ੍ਰਿਕ ਟਨ ਯੂਰੀਆ, ਚਾਰ ਜਹਾਜ਼ਾਂ ਵਿੱਚ ਕਰੀਬ 2.57 ਲੱਖ ਮੀਟ੍ਰਿਕ ਟਨ ਡਾਈਅਮੋਨਿਅਮ ਫਾਸਫੇਟ (DAP) ਅਤੇ ਤਿੰਨ ਜਹਾਜ਼ਾਂ ਵਿੱਚ ਲਗਭਗ 1.11 ਲੱਖ ਮੀਟ੍ਰਿਕ ਟਨ ਗੰਧਕ (ਸਲਫਰ) ਲੱਦਿਆ ਹੋਇਆ ਹੈ। ਇਸ ਤੋਂ ਇਲਾਵਾ, ਹੋਰ ਪੰਜ ਜਹਾਜ਼ ਵੀ ਭਾਰਤ ਲਈ ਰਵਾਨਾ ਹੋਣ ਵਾਲੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਖਾਦ ਦੀ ਸਪਲਾਈ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਵਿਸ਼ਵ ਪੱਧਰ 'ਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਖਾਦ ਦੀਆਂ ਕੀਮਤਾਂ ਅਤੇ ਸ਼ਿਪਮੈਂਟ ਦੇ ਸਮੇਂ 'ਤੇ ਵੀ ਪਿਆ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਮੌਜੂਦ ਭਾਰਤੀ ਦੂਤਾਵਾਸਾਂ ਅਤੇ ਮਿਸ਼ਨਾਂ ਨੇ ਸੰਭਾਵਿਤ ਵਿਸ਼ਵ ਪੱਧਰੀ ਉਤਪਾਦਕਾਂ ਅਤੇ ਸਪਲਾਇਰਾਂ ਨਾਲ ਸੰਪਰਕ ਬਣਾਉਣ ਵਿੱਚ ਖਾਦ ਵਿਭਾਗ ਦੀ ਸਰਗਰਮ ਮਦਦ ਕੀਤੀ ਹੈ, ਜਿਸ ਨਾਲ ਸਪਲਾਈ ਵਿੱਚ ਰੁਕਾਵਟ ਨਾ ਆਵੇ।

ਉਨ੍ਹਾਂ ਕਿਹਾ ਕਿ ਖਾਦ ਵਿਭਾਗ ਰਾਜ ਸਰਕਾਰਾਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖ ਰਿਹਾ ਹੈ ਤਾਂ ਜੋ ਹਰ ਖੇਤਰ ਵਿੱਚ ਖਾਦ ਦੀ ਉਪਲਬਧਤਾ ਅਤੇ ਇਸ ਦੀ ਪਾਰਦਰਸ਼ੀ ਵੰਡ ਯਕੀਨੀ ਬਣਾਈ ਜਾ ਸਕੇ। ਨੱਡਾ ਨੇ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖੇਤੀਬਾੜੀ ਨਾਲ ਜੁੜੀ ਕਿਸੇ ਵੀ ਲੋੜ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।

ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖਾਦ ਫੈਕਟਰੀਆਂ ਨੂੰ ਦਿੱਤੀ ਜਾਣ ਵਾਲੀ ਕੁਦਰਤੀ ਗੈਸ ਦੀ ਸਪਲਾਈ, ਜੋ ਕੁਝ ਸਮੇਂ ਲਈ ਘਟ ਕੇ ਲਗਭਗ 65 ਫੀਸਦੀ ਰਹਿ ਗਈ ਸੀ, ਹੁਣ ਮੁੜ 100 ਫੀਸਦੀ ਬਹਾਲ ਕਰ ਦਿੱਤੀ ਗਈ ਹੈ। ਇਸ ਨਾਲ ਦੇਸ਼ ਦੇ ਖਾਦ ਉਤਪਾਦਨ 'ਤੇ ਪਿਆ ਦਬਾਅ ਕਾਫ਼ੀ ਹੱਦ ਤੱਕ ਘੱਟ ਹੋ ਗਿਆ ਹੈ।

ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਵੇਲੇ 197.56 ਲੱਖ ਮੀਟ੍ਰਿਕ ਟਨ ਖਾਦ ਦਾ ਭੰਡਾਰ ਮੌਜੂਦ ਹੈ, ਜੋ ਭਾਰਤ ਦੀ ਸਾਲਾਨਾ 383.9 ਲੱਖ ਮੀਟ੍ਰਿਕ ਟਨ ਦੀ ਲੋੜ ਦਾ 51 ਫੀਸਦੀ ਤੋਂ ਵੱਧ ਹੈ। ਸਰਕਾਰ ਦਾ ਕਹਿਣਾ ਹੈ ਕਿ ਆਯਾਤ ਅਤੇ ਘਰੇਲੂ ਉਤਪਾਦਨ ਦੋਹਾਂ ਨੂੰ ਮਜ਼ਬੂਤ ਕਰਕੇ ਦੇਸ਼ ਦੇ ਹਰ ਹਿੱਸੇ ਵਿੱਚ ਖਾਦ ਦੀ ਪੂਰੀ ਉਪਲਬਧਤਾ ਯਕੀਨੀ ਬਣਾਈ ਗਈ ਹੈ, ਤਾਂ ਜੋ ਖਰੀਫ਼ ਅਤੇ ਆਉਣ ਵਾਲੇ ਖੇਤੀਬਾੜੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

 

Recent News