Courtesy: file photo
ਪੰਜਾਬ ਨਿਊਜ਼। ਅੰਮ੍ਰਿਤਸਰ 'ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਤੇ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮ ਦੀ ਨਵੀਂ ਸੀਸੀਟੀਵੀ ਫੁਟੇਜ ਲਗਾਤਾਰ ਸਾਹਮਣੇ ਆ ਰਹੀ ਹੈ। ਹਰ ਰਾਜਨੀਤਿਕ ਪਾਰਟੀ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਸਬੰਧੀ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਫਤਿਹ ਸਿੰਘ ਬਾਜਵਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕੇਵਲ ਢਿੱਲੋਂ ਆਦਿ ਨੇ ਇੱਕ ਮੰਗ ਪੱਤਰ ਸੌਂਪਿਆ। ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਾਈ ਜਾਵੇ ਤੇ ਫੜੇ ਗਏ ਮੁਲਜ਼ਮ ਤੋਂ ਇਲਾਵਾ, ਇਸ ਘਟਨਾ 'ਚ ਜਿਸਦਾ ਹੀ ਹੱਥ ਹੈ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਲਈ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅੰਮ੍ਰਿਤਸਰ ਦੀ ਘਟਨਾ ਦੀ ਪਰਵਾਹ ਕੀਤੇ ਬਗੈਰ ਦਿੱਲੀ ਚੋਣਾਂ 'ਚ ਰੁੱਝੇ ਹੋਏ ਹਨ। ਭੀਮ ਰਾਓ ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਹਨ ਅਤੇ ਉਹਨਾਂ ਦੀ ਸੋਚ ਸਾਰੇ ਵਰਗਾਂ ਨਾਲ ਸਬੰਧਤ ਹੈ। ਜਾਖੜ ਨੇ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਸੂਬੇ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਕੋਈ ਵੀ ਨਾਗਰਿਕ ਸੁਰੱਖਿਅਤ ਨਹੀਂ ਹੈ।
ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕਰਨ ਵਾਲੇ ਦੋਸ਼ੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਮੂਰਤੀ ਵਾਲੀ ਥਾਂ ਦੇ ਸਾਹਮਣੇ ਸਥਿਤ ਇਮਾਰਤ ਵਿੱਚ ਲੱਗੇ ਸੀਸੀਟੀਵੀ ਤੋਂ ਸਾਫ਼ ਪਤਾ ਚੱਲਿਆ ਕਿ ਦੋਸ਼ੀ ਆਪਣੇ ਨਾਲ ਇੱਕ ਬੋਤਲ ਵਿੱਚ ਜਲਣਸ਼ੀਲ ਪਦਾਰਥ ਵੀ ਲੈ ਕੇ ਆਇਆ ਸੀ। ਜਿਸ ਨਾਲ ਉਸਨੇ ਸੰਵਿਧਾਨ ਦੀ ਕਾਪੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ, ਉਹ ਮੂਰਤੀ ਨੂੰ ਤੋੜਨ ਲਈ ਆਪਣੇ ਨਾਲ ਇੱਕ ਹਥੌੜਾ ਵੀ ਲਿਆਇਆ ਸੀ। ਜਿਸਨੂੰ ਉਸਨੇ ਆਪਣੀ ਪਿੱਠ 'ਤੇ ਬੈਗ ਵਿੱਚ ਰੱਖਿਆ ਹੋਇਆ ਸੀ। ਸੀਸੀਟੀਵੀ ਵਿੱਚ ਉਸਨੂੰ ਬੈਗ ਵਿੱਚੋਂ ਹਥੌੜਾ ਕੱਢਦੇ ਹੋਏ ਦੇਖਿਆ ਗਿਆ।
ਇਸ ਮਾਮਲੇ ਵਿੱਚ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 8 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਜੇ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਪੁਲਿਸ ਕੋਲ ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਹੈ, ਜੋ ਕੱਲ੍ਹ ਖਤਮ ਹੋ ਰਿਹਾ ਹੈ। ਕੱਲ੍ਹ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸਦਾ ਦੁਬਾਰਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।