Courtesy: X@CricketGuru_CG
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਬੰਗਲਾਦੇਸ਼ੀ ਦੌਰਾ, ਜੋ ਸਤੰਬਰ 2026 ਵਿੱਚ ਹੋਣ ਜਾ ਰਿਹਾ ਸੀ, ਇੱਕ ਵਾਰ ਫਿਰ ਟਲ ਗਿਆ ਹੈ। ਲੋਕ ਉਮੀਦ ਜਤਾ ਰਹੇ ਸੀ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਖਰਾਬ ਹੋਏ ਰਿਸ਼ਤੇ ਕ੍ਰਿਕਟ ਦੇ ਮੈਦਾਨ ਤੋਂ ਠੀਕ ਸ਼ੁਰੂ ਹੋ ਜਾਣਗੇ, ਪਰ ਹਾਲ ਹੀ 'ਚ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੇ ਪ੍ਰਧਾਨ ਤਮੀਮ ਇਕਬਾਲ ਨੇ ਇਸ ਦੌਰੇ ਦੀਆਂ ਤਰੀਖਾਂ ਵਿੱਚ ਬਦਲਾਅ ਦਾ ਅਜਿਹਾ ਸੰਕੇਤ ਦਿੱਤਾ। ਉਨ੍ਹਾਂ ਮੁਤਾਬਕ, ਬੋਰਡ ਆਪਣੇ ਕਲੰਡਰ ਵਿੱਚ ਬਦਲਾਅ ਕਰ ਰਿਹਾ ਹੈ।
ਬੰਗਲਾਦੇਸ਼ ਦੇ ਸਾਬਕਾ ਬੱਲੇਬਾਜ ਤਮੀਮ ਇਕਬਾਲ ਨੇ ਕਿਹਾ- ਭਾਰਤ ਨਾਲ ਹੋਣ ਵਾਲੀ ਇਸ ਸੀਰੀਜ਼ ਨੂੰ ਲੈ ਕੇ ਗੱਲਬਾਤ ਜਾਰੀ ਹੈ। ਇਸਦੀਆਂ ਤਰੀਖਾਂ ਵਿੱਚ ਬਦਲਾਅ ਹੋ ਸਕਦਾ ਹੈ। ਅਸਲ ਸ਼ਡਿਊਲ ਦੇ ਮੁਤਾਬਕ ਇਹ ਸੀਰੀਜ਼ ਮੀਰਪੁਰ ਵਿੱਚ ਹੋਵੇਗੀ, ਪਰ ਲੋੜ ਪੈਣ 'ਤੇ ਇਸ ਨੂੰ ਬਸੁੰਧਰਾ ਮੈਦਾਨ (ਢਾਕਾ) 'ਚ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਭਾਰਤ ਨਾਲ ਸੀਰੀਜ਼ ਤੈਅ ਹੋਣ ਤੋਂ ਬਾਅਦ ਅਸੀ ਉਨ੍ਹਾਂ ਮੁਤਾਬਕ ਆਪਣਾ ਪ੍ਰੋਗ੍ਰਾਮ ਤਿਆਰ ਕਰਾਂਗੇ।
ਪਹਿਲਾਂ ਭਾਰਤੀ ਟੀਮ ਨੇ ਪਿਛਲੇ ਸਾਲ ਅਗਸਤ ਵਿੱਚ ਆਪਣਾ ਬੰਗਲਾਦੇਸ਼ੀ ਦੌਰਾ ਕਰਨਾ ਸੀ, ਪਰ ਦੋਵਾਂ ਦੇਸ਼ਾਂ ਵਿੱਚ ਰਾਜਨੀਤਿਕ ਮਾਹੌਲ ਵਿਗੜਨ ਕਾਰਨ ਭਾਰਤ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਬੰਗਲਾਦੇਸ਼ ਵਿੱਚ ਨਵੀਂ ਸਰਕਾਰ ਬਣਨ ਅਤੇ ਤਮੀਮ ਇਕਬਾਲ ਦੇ ਬੀਸੀਬੀ ਪ੍ਰਧਾਨ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਥੋੜ੍ਹੀ ਨਰਮੀ ਆਈ।
ਇਸ ਸਾਲ ਬੀਸੀਬੀ ਨੇ ਜਨਵਰੀ ਵਿੱਚ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੇ ਦੌਰੇ ਦਾ ਐਲਾਨ ਕੀਤਾ ਸੀ ਅਤੇ ਦੱਸਿਆ ਸੀ ਕਿ ਇਹ ਮੁਕਾਬਲਾ ਢਾਕਾ ਅਤੇ ਚਟਗਾਂਵ 'ਚ ਖੇਡਿਆ ਜਾਵੇਗਾ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਦਰਅਸਲ, ਬੰਗਲਾਦੇਸ਼ 'ਚ ਪਿਛਲੇ ਸਾਲ ਹਿੰਦੂ ਨਾਗਰਿਕਾਂ ਨਾਲ ਹਿੰਸਾ ਅਤੇ ਕਤਲੇਆਮ ਤੋਂ ਬਾਅਦ ਭਾਰਤ ਦਾ ਗੁੱਸਾ ਭੜਕ ਗਿਆ ਸੀ ਅਤੇ ਦੇਸ਼ 'ਚ ਕਾਫੀ ਵਿਰੋਧ ਹੋਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਮੁਹਿੰਮ ਛੇੜੀ ਗਈ ਸੀ ਕਿ ਬੰਗਲਾਦੇਸ਼ੀ ਖਿਡਾਰੀਆਂ ਨੂੰ ਆਈਪੀਐਲ 2026 ਨਾ ਖੇਡਣ ਦਿੱਤਾ ਜਾਵੇ। ਇਸ ਤੋਂ ਬਾਅਦ ਭਾਰਤ ਸਰਕਾਰ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ, ਬੀਸੀਸੀਆਈ ਅਤੇ ਆਈਪੀਐਲ ਗਵਰਨਿੰਗ ਕੌਂਸਲ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਪਣੇ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ। ਇਸ ਤੋਂ ਬਾਅਦ, ਅਮੀਨੁਲ ਇਸਲਾਮ ਦੀ ਅਗਵਾਈ ਵਾਲੀ ਬੀਸੀਬੀ ਨੇ ਭਾਰਤ ਦੁਆਰਾ ਸਹਿ-ਮੇਜ਼ਬਾਨੀ ਕੀਤੇ ਗਏ ਟੀ-20 ਵਿਸ਼ਵ ਕੱਪ ਵਿੱਚ ਆਪਣੀ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਨਵੇਂ ਪ੍ਰਧਾਨ ਤਮੀਮ ਇਕਬਾਲ ਤੋਂ ਬਾਅਦ ਹਾਲਾਤ ਪਹਿਲਾਂ ਨਾਲੋਂ ਬਦਲੇ ਹਨ। ਉਹ ਹਾਲ ਹੀ ਵਿੱਚ ਭਾਰਤ ਆਏ ਸਨ ਅਤੇ ਬੈਂਗਲੁਰੂ ਵਿੱਚ ਸੈਂਟਰ ਆਫ਼ ਐਕਸੀਲੈਂਸ ਦਾ ਦੌਰਾ ਵੀ ਕੀਤਾ ਸੀ।