Courtesy: ai image
ਨਵੀਂ ਦਿੱਲੀ: ਅੱਜ ਮੰਗਲਵਾਰ ਨੂੰ ਪੂਰੇ ਦੇਸ਼ 'ਚ ਸਾਵਣ ਸ਼ਿਵਰਾਤਰੀ ਮਨਾਈ ਜਾ ਰਹੀ ਹੈ। ਇਸ ਮੌਕੇ 'ਤੇ ਭਗਵਾਨ ਭੋਲੇਨਾਥ ਦੇ ਭਗਤ ਉਨ੍ਹਾਂ ਦੀ ਭਗਤੀ 'ਚ ਰੰਗੇ ਨਜ਼ਰ ਆ ਰਹੇ ਹਨ ਅਤੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦੀ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕ ਮੰਦਰਾਂ ਵਿੱਚ ਜਲਾਭਿਸ਼ੇਕ ਕਰਕੇ, ਧਤੂਰਾ ਅਤੇ ਬੇਲ ਚੜ੍ਹਾ ਕੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਦੀ ਕੋਸ਼ਿਸ਼ 'ਚ ਜੁੱਟੇ ਦਿਖ ਰਹੇ ਹਨ। ਤਾਂ ਆਓ ਇਸ ਮੌਕੇ 'ਤੇ ਜਾਣਦੇ ਹਾਂ ਸ਼ਿਵ ਜੀ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਪੂਜਾ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ ਅਤੇ ਮੰਦਰ 'ਚ ਕੀ ਚੜ੍ਹਾਉਣਾ ਚਾਹੀਦਾ ਹੈ।
ਸਾਵਣ ਸ਼ਿਵਰਾਤਰੀ 'ਤੇ ਸ਼ਿਵ ਪੂਜਾ ਲਈ ਵੱਖ-ਵੱਖ ਸ਼ੁਭ ਸਮੇਂ ਦੱਸੇ ਜਾਂਦੇ ਹਨ, ਜੋ ਕਿ ਇਸ ਪ੍ਰਕਾਰ ਹਨ।
ਬ੍ਰਹਮ ਮੁਹੂਰਤ- ਸਵੇਰੇ 5:23 ਵਜੇ ਤੋਂ 6:00 ਵਜੇ ਤੱਕ। ਸਵੇਰ ਦਾ ਸ਼ੁਭ ਸਮਾਂ- ਸਵੇਰੇ 6:00 ਵਜੇ ਤੋਂ 10:00 ਵਜੇ ਤੱਕ। ਅਭਿਜੀਤ ਮੁਹੂਰਤ- ਦੁਪਹਿਰ 12:06 ਵਜੇ ਤੋਂ 12:58 ਵਜੇ ਤੱਕ। ਪ੍ਰਦੋਸ਼ ਕਾਲ- ਸ਼ਾਮ 7:04 ਵਜੇ ਤੋਂ ਰਾਤ 9:00 ਵਜੇ ਤੱਕ। ਨਿਸ਼ੀਥ ਕਾਲ- ਰਾਤ 12:05 ਵਜੇ ਤੋਂ 12:48 ਵਜੇ ਤੱਕ
ਸਭ ਤੋਂ ਪਹਿਲਾ ਜਰੂਰੀ ਹੁੰਦੀ ਹੈ ਪੂਜਾ ਦੀ ਪੂਰੀ ਸਮੱਗਰੀ। ਇਸ ਲਈ ਤੁਸੀ ਸਾਫ਼ ਪਾਣੀ ਅਤੇ ਗੰਗਾਜਲ, ਦੁੱਧ, ਦਹੀਂ, ਘਿਓ, ਸ਼ਹਿਦ, ਸ਼ੱਕਰ, ਬੇਲਪੱਤਰ, ਧਤੂਰਾ, ਭੰਗ, ਅੱਕ ਦੇ ਫੁੱਲ, ਚੰਦਨ, ਅਕਸ਼ਤ (ਚਾਵਲ), ਧੂਪ, ਦੀਵਾ ਅਤੇ ਫੁੱਲ ਵਰਗੀ ਸਮੱਗਰੀ ਜੁਟਾ ਸਕਦੇ ਹੋ। ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਸ਼ੱਕਰ ਨੂੰ ਮਿਲਾ ਕੇ ਪੰਚਾਮ੍ਰਿਤ ਤਿਆਰ ਕੀਤਾ ਜਾਂਦਾ ਹੈ।
ਹਾਲਾਂਕਿ ਪੂਜਾ ਸਮੱਗਰੀ ਦੀ ਚੋਣ ਆਪਣੀ ਸ਼ਰਧਾ ਮੁਤਾਬਕ ਵੀ ਕੀਤੀ ਜਾ ਸਕਦੀ ਹੈ। ਘਰ ਵਿੱਚ ਪੂਜਾ ਕਰਨ ਤੋਂ ਪਹਿਲਾਂ ਸਾਰੀ ਸਮੱਗਰੀ ਇੱਕ ਥਾਂ 'ਤੇ ਰੱਖ ਲੈਣੀ ਚਾਹੀਦੀ ਹੈ, ਤਾਂ ਜੋ ਪੂਜਾ ਦੌਰਾਨ ਵਾਰ-ਵਾਰ ਉੱਠਣ ਦੀ ਲੋੜ ਨਾ ਪਵੇ। ਹਾਲਾਂਕਿ, ਜਿਹੜੇ ਸ਼ਰਧਾਲੂ ਵਰਤ ਨਹੀਂ ਰੱਖਣਾ ਚਾਹੁੰਦੇ ਉਨ੍ਹਾਂ ਲਈ ਸੰਕਲਪ ਲੈਣਾ ਜਰੂਰੀ ਨਹੀਂ।
ਇਸ ਤੋਂ ਬਾਅਦ ਸਿਵਲਿੰਗ 'ਤੇ ਗੰਗਾਜਲ ਅਰਪਿਤ ਕਰੋ। ਜਲਾਭਿਸ਼ੇਕ ਤੋਂ ਬਾਅਦ ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਸ਼ੱਕਰ ਨਾਲ ਤਿਆਰ ਕੀਤੇ ਪੰਚਾਮ੍ਰਿਤ ਨਾਲ ਸ਼ਿਵਲਿੰਗ 'ਤੇ ਚੜ੍ਹਾਇਆ ਜਾਂਦਾ ਹੈ। ਪੰਚਾਮ੍ਰਿਤ ਅਰਪਿਤ ਕਰਨ ਤੋਂ ਬਾਅਦ ਦੁਬਾਰਾ ਸਾਫ਼ ਪਾਣੀ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਜਲਾਭਿਸ਼ੇਕ ਅਤੇ ਪੰਚਾਮ੍ਰਿਤ ਅਭਿਸ਼ੇਕ ਤੋਂ ਬਾਅਦ ਸ਼ਿਵਲਿੰਗ 'ਤੇ ਚੰਦਨ ਦਾ ਤਿਲਕ ਲਗਾਓ ਅਤੇ ਅਕਸ਼ਤ ਅਰਪਿਤ ਕਰੋ। ਇਸ ਤੋਂ ਬਾਅਦ ਭਗਵਾਨ ਸ਼ਿਵ ਨੂੰ ਬੇਲਪੱਤਰ, ਧਤੂਰਾ ਅਤੇ ਅੱਕ ਦੇ ਫੁੱਲ ਅਰਪਿਤ ਕਰ ਸਕਦੇ ਹੋ।ਸ਼ਿਵ ਪੂਜਾ ਵਿੱਚ ਬੇਲਪੱਤਰ ਦਾ ਖਾਸ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਬੇਲਪੱਤਰ ਚੜ੍ਹਾਉਂਦੇ ਸਮੇਂ ਭਗਵਾਨ ਸ਼ਿਵ ਦਾ ਧਿਆਨ ਕਰਦੇ ਹੋਏ ‘ਓਮ ਨਮਹ ਸ਼ਿਵਾਏ’ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਸਾਵਣ ਸ਼ਿਵਰਾਤਰੀ ਦੀ ਪੂਜਾ ਦੌਰਾਨ ‘ਓਮ ਨਮਹ ਸ਼ਿਵਾਏ’ ਦੇ ਮੰਤਰ ਨੂੰ ਮਹੱਤਵ ਦਿੱਤਾ ਜਾਂਦਾ ਹੈ। ਸਰਧਾਲੂ 108 ਵਾਰ ਇਸ ਮੰਤਰ ਦਾ ਜਾਪ ਕਰ ਸਕਦੇ ਹਨ। ਇਸ ਤੋਂ ਇਲਾਵਾ ਮਹਾਮ੍ਰਿਤਿਉਂਜਯ ਮੰਤਰ ਦਾ ਜਾਪ ਵੀ ਕੀਤਾ ਜਾ ਸਕਦਾ ਹੈ।
ਮੰਤਰ ਜਾਪ ਤੋਂ ਬਾਅਦ ਧੂਪ ਅਤੇ ਦੀਵਾ ਜਗਾ ਕੇ ਭਗਵਾਨ ਸ਼ਿਵ ਦੀ ਆਰਤੀ ਕਰੋ। ਅੰਤ ਵਿੱਚ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਮੰਗਲ ਲਈ ਪ੍ਰਾਰਥਨਾ ਕੀਤੀ ਜਾ ਸਕਦੀ ਹੈ।
ਪੂਜਾ ਕਰਦੇ ਸਮੇਂ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਭਗਵਾਨ ਸ਼ਿਵ ਦਾ ਧਿਆਨ ਕਰਨਾ ਚਾਹੀਦਾ ਹੈ। ਪੂਜਾ ਪੂਰੀ ਹੋਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੂੰ ਪ੍ਰਸਾਦ ਵੰਡਿਆ ਅਤੇ ਗ੍ਰਹਿਣ ਕੀਤਾ ਜਾ ਸਕਦਾ ਹੈ।