ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਥਿਤ ਐਡਵਰਡਜ਼ ਹਵਾਈ ਫੌਜੀ ਅੱਡੇ 'ਤੇ ਸੋਮਵਾਰ ਸਵੇਰੇ ਇੱਕ B-52 ਬੰਬਰ ਜਹਾਜ਼ ਡਿੱਗ ਕੇ ਤਬਾਹ ਹੋ ਗਿਆ। ਅਮਰੀਕੀ ਹਵਾਈ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਰਦਨਾਕ ਘਟਨਾ ਵਿੱਚ ਜਹਾਜ਼ 'ਤੇ ਸਵਾਰ ਸਾਰੇ 8 ਲੋਕਾਂ ਦੀ ਜਾਨ ਚਲੀ ਗਈ।
ਹਵਾਈ ਸੈਨਾ ਦੇ ਅਧਿਕਾਰੀਆਂ ਅਨੁਸਾਰ B-52 ਜਹਾਜ਼ ਆਪਣੀ ਰੁਟੀਨ ਜਾਂਚ ਉਡਾਣ (ਟੈਸਟਿੰਗ ਫਲਾਈਟ) ਭਰ ਰਿਹਾ ਸੀ। ਸਵੇਰੇ ਕਰੀਬ 11:20 ਵਜੇ ਟੇਕ-ਆਫ ਕਰਨ ਤੋਂ ਤੁਰੰਤ ਬਾਅਦ ਹੀ ਇਹ ਅਚਾਨਕ ਹੇਠਾਂ ਵੱਲ ਡਿੱਗ ਪਿਆ ਅਤੰ ਅੱਗ ਦੀ ਲਪੇਟ ਵਿੱਚ ਆ ਗਿਆ।
ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਹਵਾਈ ਸੈਨਾ ਦੇ ਜਵਾਨ ਅਤੇ ਜਹਾਜ਼ ਦੀ ਜਾਂਚ ਨਾਲ ਜੁੜੇ ਮਾਹਿਰ ਵੀ ਸ਼ਾਮਲ ਸਨ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਜਹਾਜ਼ ਦੇ ਕੰਟਰੋਲ ਸਿਸਟਮ, ਇੰਜਣ ਜਾਂ ਟੈਸਟਿੰਗ ਦੌਰਾਨ ਵਰਤੇ ਜਾ ਰਹੇ ਕਿਸੇ ਸਾਜ਼ੋ-ਸਮਾਨ ਵਿੱਚ ਕੋਈ ਖਰਾਬੀ ਆਈ ਹੋਵੇਗੀ।
ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਜਹਾਜ਼ ਵਿੱਚ ਕੋਈ ਹਥਿਆਰ ਸਨ ਜਾਂ ਨਹੀਂ। ਇਸ ਹਾਦਸੇ ਤੋਂ ਬਾਅਦ ਏਅਰਫੀਲਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ, ਅਤੇ ਉੱਥੇ ਆਉਣ ਵਾਲੇ ਜਹਾਜ਼ਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ ਹੈ।
ਜਹਾਜ਼ਰਾਨੀ ਸੁਰੱਖਿਆ ਮਾਹਿਰ ਜੈਫ ਗੁਜੇਟੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਜਹਾਜ਼ ਨੇ ਉਡਾਣ ਭਰਨ ਦੇ ਤੁਰੰਤ ਬਾਅਦ ਡਿੱਗਣਾ ਸ਼ੁਰੂ ਕਰ ਦਿੱਤਾ, ਉਸ ਤੋਂ ਸ਼ੁਰੂਆਤੀ ਤੌਰ 'ਤੇ ਲੱਗਦਾ ਹੈ ਕਿ ਫਲਾਈ ਕੰਟਰੋਲ ਸਿਸਟਮ ਵਿੱਚ ਕੋਈ ਵੱਡੀ ਖਰਾਬੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ ਪੂਰੀ ਹੋਣ ਤੋਂ
ਪਹਿਲਾਂ ਕਿਸੇ ਸਿੱਟੇ 'ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ।
ਗੁਜੇਟੀ ਨੇ ਇਹ ਵੀ ਕਿਹਾ ਕਿ ਇਹ ਹਾਦਸਾ ਰੱਖ-ਰਖਾਅ (ਮੇਨਟੇਨੈਂਸ) ਤੋਂ ਬਾਅਦ ਕੰਟਰੋਲ ਵਿੱਚ ਆਈ ਗੜਬੜੀ, ਇੰਜਣ ਵਿੱਚ ਕਿਸੇ ਗੰਭੀਰ ਖਰਾਬੀ ਜਾਂ ਟੈਸਟਿੰਗ ਉਪਕਰਣ ਦੇ ਫੇਲ੍ਹ ਹੋਣ ਕਾਰਨ ਵੀ ਵਾਪਰਿਆ ਹੋ ਸਕਦਾ ਹੈ। ਉਨ੍ਹਾਂ ਅਨੁਸਾਰ ਟੈਸਟਿੰਗ ਉਡਾਣਾਂ ਆਮ ਉਡਾਣਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੁੰਦੀਆਂ ਹਨ।
ਐਡਵਰਡਜ਼ ਏਅਰਫੋਰਸ ਬੇਸ ਲਾਸ ਏਂਜਲਸ ਤੋਂ ਕਰੀਬ 161 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਦੀ ਜਾਂਚ ਅਤੇ ਵਿਕਾਸ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਨਵੇਂ ਜਹਾਜ਼ਾਂ, ਹਥਿਆਰ ਪ੍ਰਣਾਲੀਆਂ, ਸਾਫਟਵੇਅਰ ਅਤੇ ਸਾਜ਼ੋ-ਸਮਾਨ ਦੀ ਟੈਸਟਿੰਗ ਕੀਤੀ ਜਾਂਦੀ ਹੈ।