ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਖਤਮ ਹੋ ਚੁੱਕੀ ਹੈ। ਇੱਕ ਵਰਚੁਅਲ ਰੈਲੀ ਦੌਰਾਨ ਟਰੰਪ ਨੇ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾ ਸਕੇਗਾ। ਹਾਲਾਂਕਿ, ਈਰਾਨ ਨੇ ਟਰੰਪ ਦੇ ਇਸ ਬਿਆਨ ਨੂੰ ਤੁਰੰਤ ਰੱਦ ਕਰ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਹਾਲੇ ਤੱਕ ਕਿਸੇ ਵੀ ਸ਼ਾਂਤੀ ਸਮਝੌਤੇ 'ਤੇ ਪੱਕਾ ਫੈਸਲਾ ਨਹੀਂ ਹੋਇਆ।
ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖ਼ਾਮੇਨਈ ਨਵੀਂ ਡੀਲ ਲਈ ਪਹਿਲਾਂ ਹੀ ਸਹਿਮਤ ਹੋ ਚੁੱਕੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ 'ਤੇ ਇਸੇ ਹਫ਼ਤੇ ਯੂਰਪ ਵਿੱਚ ਦਸਤਖਤ ਹੋ ਸਕਦੇ ਹਨ ਅਤੇ ਇਸ ਮੌਕੇ 'ਤੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਵੀ ਮੌਜੂਦ ਰਹਿਣਗੇ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗ਼ਈ ਨੇ ਟਰੰਪ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਸ਼ਾਂਤੀ ਸਮਝੌਤੇ ਨੂੰ ਲੈ ਕੇ ਅਜੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਅਹਿਮ ਮੁੱਦਿਆਂ 'ਤੇ ਅਜੇ ਗੱਲਬਾਤ ਜਾਰੀ ਹੈ ਅਤੇ ਜਲਦਬਾਜ਼ੀ ਵਿੱਚ ਕੋਈ ਸਿੱਟਾ ਕੱਢਣਾ ਠੀਕ ਨਹੀਂ ਹੋਵੇਗਾ।
ਟਰੰਪ ਦੇ ਇਸ ਫੈਸਲੇ ਤੋਂ ਸਭ ਤੋਂ ਵੱਧ ਹੈਰਾਨੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹੋਈ। ਐਕਸੀਓਸ ਦੀ ਰਿਪੋਰਟ ਅਨੁਸਾਰ, ਨੇਤਨਯਾਹੂ ਨੂੰ ਟਰੰਪ ਦੇ ਇਸ ਸਾਰਜਨਿਕ ਬਿਆਨ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ। ਇਜ਼ਰਾਈਲ ਲਗਾਤਾਰ ਅਮਰੀਕਾ ਤੋਂ ਈਰਾਨ 'ਤੇ ਫੌਜੀ ਦਬਾਅ ਬਣਾਈ ਰੱਖਣ ਦੀ ਮੰਗ ਕਰ ਰਿਹਾ ਸੀ ਕਿਉਂਕਿ ਉਹ ਸਮਝਦਾ ਸੀ ਕਿ ਤਹਿਰਾਨ ਗੱਲਬਾਤ ਰਾਹੀਂ ਸਿਰਫ਼ ਸਮਾਂ ਖਰੀਦ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਅਮਰੀਕਾ-ਈਰਾਨ ਸਮਝੌਤੇ ਨੂੰ ਲੈ ਕੇ ਦਾਅਵਾ ਕੀਤਾ ਹੈ। CNN ਦੀ ਰਿਪੋਰਟ ਅਨੁਸਾਰ, ਟਰੰਪ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 38 ਵਾਰ ਵੱਖ-ਵੱਖ ਮੌਕਿਆਂ 'ਤੇ ਇਹ ਕਹਿ ਚੁੱਕੇ ਹਨ ਕਿ ਈਰਾਨ ਡੀਲ ਲਈ ਤਿਆਰ ਹੈ। ਉਨ੍ਹਾਂ ਦੇ ਸ਼ੁੱਕਰਵਾਰ ਵਾਲੇ ਬਿਆਨ ਤੋਂ ਬਾਅਦ ਇਹ ਗਿਣਤੀ 39 ਹੋ ਗਈ ਹੈ।
ਦੂਜੇ ਪਾਸੇ, ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਤਿਆਰੀਆਂ ਨੂੰ ਲੈ ਕੇ ਅਮਰੀਕੀ ਹਵਾਈ ਸੈਨਾ ਦੇ ਚਾਰ ਜਹਾਜ਼ ਯੂਰਪ ਪਹੁੰਚ ਚੁੱਕੇ ਹਨ। ਰਿਪੋਰਟਾਂ ਅਨੁਸਾਰ, ਇਨ੍ਹਾਂ ਜਹਾਜ਼ਾਂ ਰਾਹੀਂ ਉਪ ਰਾਸ਼ਟਰਪਤੀ ਜੇਡੀ ਵੈਂਸ ਲਈ ਲੋੜੀਂਦਾ ਸਾਜ਼-ਸਾਮਾਨ ਅਤੇ ਹੋਰ ਲੌਜਿਸਟਿਕ ਸਹੂਲਤਾਂ ਭੇਜੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਵੈਂਸ ਹੀ ਅਮਰੀਕਾ ਵੱਲੋਂ ਇਸ 'ਤੇ ਦਸਤਖਤ ਕਰਨਗੇ।