ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੀ ਗੱਲਬਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇਸ ਸਮੇਂ ਦੋਸਤਾਨਾ ਢੰਗ ਨਾਲ ਵਾਰਤਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਕਾਰਾਤਮਕ ਨਤੀਜੇ ਦੀ ਉਮੀਦ ਹੈ। ਪਰੰਤੂ ਉਨ੍ਹਾਂ ਇਹ ਸਪੱਸ਼ਟ ਵੀ ਕੀਤਾ ਕਿ ਜੇਕਰ ਇਹ ਗੱਲਬਾਤ ਕਿਸੇ ਸਿੱਟੇ 'ਤੇ ਨਾ ਪਹੁੰਚੀ ਤਾਂ ਅਮਰੀਕਾ ਈਰਾਨ ਖ਼ਿਲਾਫ਼ ਆਪਣੀ ਫੌਜੀ ਕਾਰਵਾਈ ਮੁੜ ਤੋਂ ਸ਼ੁਰੂ ਕਰ ਦੇਵੇਗਾ, ਜੋ ਪਿਛਲੇ ਦੋ ਹਫ਼ਤਿਆਂ ਦੌਰਾਨ ਜਾਰੀ ਸੀ।
ਕਰੀਬ 13 ਦਿਨਾਂ ਤੱਕ ਜਾਰੀ ਰਹੇ ਹਵਾਈ ਹਮਲਿਆਂ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਅਮਰੀਕਾ-ਈਰਾਨ ਵਿਚਾਲੇ ਕੋਈ ਫੌਜੀ ਟਕਰਾਅ ਨਹੀਂ ਹੋਇਆ ਹੈ। ਇਸ ਦੌਰਾਨ ਟਰੰਪ ਨੇ ਏਅਰ ਫੋਰਸ ਵਨ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੱਧਸਥ ਦੇਸ਼ਾਂ ਦੀ ਸਿਫ਼ਾਰਸ਼ 'ਤੇ ਉਨ੍ਹਾਂ ਨੇ ਹਮਲੇ ਰੋਕੇ ਹਨ ਤਾਂ ਜੋ ਗੱਲਬਾਤ ਨੂੰ ਇੱਕ ਆਖ਼ਰੀ ਮੌਕਾ ਦਿੱਤਾ ਜਾ ਸਕੇ। ਈਰਾਨ ਨੇ ਵੀ ਇਸ ਦੌਰਾਨ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ, ਜਿਸ ਨੂੰ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
ਮਾਹਿਰਾਂ ਦੇ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਕਾਰ ਸਥਾਈ ਸਮਝੌਤੇ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੋਰਮੁਜ਼ ਸਟ੍ਰੇਟ ਹੈ। ਇਹ ਸਮੁੰਦਰੀ ਰਸਤਾ ਵਿਸ਼ਵ ਤੇਲ ਵਪਾਰ ਲਈ ਅਹਿਮ ਮੰਨਿਆ ਜਾਂਦਾ ਹੈ। ਅਮਰੀਕਾ ਇੱਥੇ ਮੁਫ਼ਤ ਆਵਾਜਾਈ ਚਾਹੁੰਦਾ ਹੈ, ਜਦੋਂ ਕਿ ਈਰਾਨ ਇਸ ਨੂੰ ਆਪਣੀ ਰਣਨੀਤਕ ਤਾਕਤ ਮੰਨਦਾ ਹੈ ਅਤੇ ਇਸ 'ਤੇ ਕੰਟਰੋਲ ਛੱਡਣ ਲਈ ਤਿਆਰ ਨਹੀਂ। ਇਹ ਮੁੱਦਾ ਹੀ ਸਭ ਤੋਂ ਗੁੰਝਲਦਾਰ ਹੈ ਅਤੇ ਹੁਣ ਤੱਕ ਕਿਸੇ ਹੱਲ ਤੱਕ ਨਹੀਂ ਪਹੁੰਚਿਆ।
ਟਰੰਪ ਨੇ ਆਪਣੇ ਬਿਆਨ ਵਿੱਚ ਗੱਲਬਾਤ ਜਾਰੀ ਰੱਖਣ ਦੀ ਗੱਲ ਕੀਤੀ, ਪਰ ਨਾਲ ਹੀ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਇਹ ਗੱਲਬਾਤ ਬੇਨਤੀਜਾ ਰਹੀ ਤਾਂ ਅਮਰੀਕਾ "ਉਹੀ ਕਰੇਗਾ ਜੋ ਉਹ ਪਹਿਲਾਂ ਕਰ ਰਿਹਾ ਸੀ" – ਯਾਨੀ ਹਵਾਈ ਹਮਲੇ ਮੁੜ ਸ਼ੁਰੂ ਕਰ ਦਿੱਤੇ ਜਾਣਗੇ। ਇਸ ਰਾਹੀਂ ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਇੱਕੋ ਸਮੇਂ ਕੂਟਨੀਤਕ ਅਤੇ ਫੌਜੀ ਦੋਵੇਂ ਰਾਹ ਖੁੱਲ੍ਹੇ ਰੱਖ ਰਹੇ ਹਨ।
ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸਦੇ ਤਹਿਤ 60 ਦਿਨਾਂ ਲਈ ਰਸਮੀ ਵਾਰਤਾ ਦੀ ਸਮਾਂ-ਸੀਮਾ ਤੈਅ ਕੀਤੀ ਗਈ ਸੀ। ਲੋੜ ਅਨੁਸਾਰ ਇਸ ਨੂੰ ਵਧਾਉਣ ਦਾ ਵੀ ਪ੍ਰਬੰਧ ਸੀ। ਪਰ ਹਾਲਾਤ ਇਹ ਹਨ ਕਿ ਅਜੇ ਤੱਕ ਇਹ ਰਸਮੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਫਿਲਹਾਲ ਤਾਂ ਸਿਰਫ਼ ਗੱਲਬਾਤ ਲਈ ਅਨੁਕੂਲ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਇੱਕ ਲੰਮੀ ਅਤੇ ਗੁੰਝਲਦਾਰ ਪ੍ਰਕਿਰਿਆ ਹੋ ਸਕਦੀ ਹੈ।
13 ਦਿਨਾਂ ਦੇ ਲਗਾਤਾਰ ਹਮਲਿਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਵਿਸ਼ਵਾਸ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਸਮੁੰਦਰੀ ਵਪਾਰਕ ਰਸਤਿਆਂ ਦੀ ਗਾਰੰਟੀ ਚਾਹੀਦੀ ਹੈ, ਜਦਕਿ ਈਰਾਨ ਆਪਣੇ ਰੱਖਿਆ ਅਤੇ ਖੇਤਰੀ ਪ੍ਰਭਾਵ ਨੂੰ ਬਣਾਈ ਰੱਖਣ 'ਤੇ ਤੁਲਿਆ ਹੋਇਆ ਹੈ। ਇਹੋ ਕਾਰਨ ਹੈ ਕਿ ਦੋਵੇਂ ਧਿਰਾਂ ਗੱਲਬਾਤ ਨੂੰ ਤਾਂ ਤਰਜੀਹ ਦੇ ਰਹੀਆਂ ਹਨ, ਪਰ ਉਸ ਸਥਾਈ ਸਮਝੌਤੇ ਤੱਕ ਪਹੁੰਚਣ ਲਈ, ਜਿਸ ਦੇ ਲਈ ਵਾਰਤਾ ਦੇ ਕਈ ਦੌਰ ਅਤੇ ਕਾਫ਼ੀ ਸਮਾਂ ਦੀ ਲੋੜ ਪਵੇਗੀ।
ਮੌਜੂਦਾ ਹਾਲਾਤਾਂ ਵਿੱਚ, ਜੇਕਰ ਗੱਲਬਾਤ ਸਫ਼ਲ ਰਹੀ ਤਾਂ ਇਹ ਖੇਤਰੀ ਸਥਿਰਤਾ ਲਈ ਸਕਾਰਾਤਮਕ ਸੰਕੇਤ ਹੋਵੇਗਾ। ਪਰ ਜੇਕਰ ਵਿਸ਼ਵਾਸਘਾਟ ਅਤੇ ਰਣਨੀਤਕ ਮਤਭੇਦਾਂ ਕਾਰਨ ਗੱਲ ਨਾ ਬਣੀ, ਤਾਂ ਅਮਰੀਕਾ ਵੱਲੋਂ ਫੌਜੀ ਕਾਰਵਾਈ ਮੁੜ ਸ਼ੁਰੂ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਦੁਨੀਆ ਦੀਆਂ ਨਜ਼ਰਾਂ ਹੁਣ ਅਗਲੇ ਕੁਝ ਦਿਨਾਂ ਦੀਆਂ ਵਾਰਤਾਵਾਂ 'ਤੇ ਟਿਕੀਆਂ ਹੋਈਆਂ ਹਨ, ਜੋ ਇਸ ਗੁੰਝਲਦਾਰ ਮੁੱਦੇ ਦੀ ਦਿਸ਼ਾ ਨਿਰਧਾਰਤ ਕਰਨਗੀਆਂ।