Courtesy: ai image
ਚੰਡੀਗੜ੍ਹ: ਅੱਜ 15 ਅਗਸਤ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ, ਸ਼ਨੀਵਾਰ ਨੂੰ ਪਠਾਨਕੋਟ ਅਤੇ ਰੂਪਨਗਰ ਦੇ ਕੁੱਝ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਚੰਡੀਗੜ੍ਹ ਵਿੱਚ ਬੱਦਲਵਾਈ ਦੀ ਉਮੀਦ ਜਤਾਈ ਗਈ ਹੈ। ਇਸ ਤਰ੍ਹਾਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਅਤੇ ਲੋਕ ਘਰ ਬੈਠੇ ਚਾਹ-ਪਕੌੜਆਂ ਅਤੇ ਗਰਮਾ-ਗਰਮ ਪਕਵਾਨਾਂ ਨਾਲ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਮੌਸਮ ਵਿਭਾਗ ਨੇ ਆਉਣ ਵਾਲੇ ਸਮੇਂ ਨੂੰ ਲੈ ਕੇ ਕੀ ਭਵਿੱਖਵਾਣੀ ਕੀਤੀ ਹੈ..
ਮੌਸਮ ਵਿਭਾਗ ਮੁਤਾਬਕ, ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਟ੍ਰਫ ਲਾਈਨ ਸਰਗਰਮ ਹੈ, ਜੋ ਫਿਰੋਜ਼ਪੁਰ ਤੋਂ ਝਾਰਖੰਡ ਅਤੇ ਪੱਛਮੀ ਬੰਗਾਲ ਤੱਕ ਫੈਲੀ ਹੋਈ ਹੈ। ਇਸ ਕਾਰਨ ਦੋਵਾਂ ਖੇਤਰਾਂ ਵਿੱਚ ਬੱਦਲਵਾਈ ਰਹੇਗੀ ਅਤੇ ਕੁਝ ਥਾਂਵਾਂ 'ਤੇ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, ਉੱਪਰਲੇ ਵਾਯੂਮੰਡਲ ਵਿੱਚ ਇੱਕ ਪੱਛਮੀ ਗੜਬੜ ਵੀ ਐਕਟਿਵ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
14 ਅਗਸਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸੂਬੇ ਦੇ ਔਸਤ ਤਾਪਮਾਨ ਵਿੱਚ ਵੱਧ ਤੋਂ ਵੱਧ 3.3 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ, ਤਾਪਮਾਨ ਆਮ ਦੇ ਨੇੜੇ ਰਿਹਾ। ਸਭ ਤੋਂ ਵੱਧ ਤਾਪਮਾਨ ਫਿਰੋਜ਼ਪੁਰ ਵਿੱਚ 34.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਸ਼ੁੱਕਰਵਾਰ ਨੂੰ ਪੰਜਾਬ ਦੇ ਘੱਟੋ-ਘੱਟ 8 ਜ਼ਿਲ੍ਹਿਆਂ ਵਿੱਚ ਬਾਰਿਸ਼ ਰਿਕਾਰਡ ਕੀਤੀ ਗਈ । ਪਟਿਆਲਾ ਵਿੱਚ 28.8 ਮਿਲੀਮੀਟਰ, ਲੁਧਿਆਣਾ ਵਿੱਚ 25 ਮਿਲੀਮੀਟਰ, ਲੁਧਿਆਣਾ AWS ਵਿੱਚ 11.5 ਮਿਲੀਮੀਟਰ, ਥੀਨ ਡੈਮ ਖੇਤਰ ਵਿੱਚ 5 ਮਿਲੀਮੀਟਰ, ਕੇ.ਵੀ.ਕੇ. ਪਠਾਨਕੋਟ ਵਿੱਚ 3 ਮਿਲੀਮੀਟਰ, ਬਠਿੰਡਾ ਵਿੱਚ 1.5 ਮਿਲੀਮੀਟਰ, ਚੰਡੀਗੜ੍ਹ ਵਿੱਚ 0.8 ਮਿਲੀਮੀਟਰ ਅਤੇ ਗੁਰਦਾਸਪੁਰ ਵਿੱਚ 0.5 ਮਿਲੀਮੀਟਰ ਬਾਰਿਸ਼ ਹੋਈ।
16 ਅਗਸਤ ਨੂੰ ਸੂਬੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਾਨਾ ਜਤਾਈ ਗਈ। ਜਦੋਂ ਕਿ 17 ਅਤੇ 18 ਅਗਸਤ ਨੂੰ ਫਿਰ ਤੋਂ ਮੀਂਹ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।