Courtesy: ai image
ਨਵੀਂ ਦਿੱਲੀ: ਦੇਸ਼ਵਾਸੀਆਂ ਲਈ ਹਾਲ ਹੀ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਬਿਸਕੁਟ, ਸਾਬਣ, ਖਾਣ ਵਾਲੇ ਤੇਲ ਅਤੇ ਹੋਰ ਘਰੇਲੂ ਉਤਪਾਦ ਬਣਾਉਣ ਵਾਲੀਆਂ ਵੱਡੀਆਂ FMCG ਕੰਪਨੀਆਂ ਸਤੰਬਰ ਤਿਮਾਹੀ ਦੌਰਾਨ ਆਪਣੇ ਕੁੱਝ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਤਿਆਰੀ ਵਿੱਚ ਹਨ। ਕੱਚੇ ਮਾਲ ਦੀ ਵਧ ਰਹੀ ਲਾਗਤ, ਚੀਨੀ ਅਤੇ ਪਾਮ ਆਇਲ ਵਰਗੀਆਂ ਜਿੰਸਾਂ ਦੀਆਂ ਉੱਚੀਆਂ ਕੀਮਤਾਂ ਅਤੇ ਦੁਨੀਆ ਭਰ ਵਿੱਚ ਜਾਰੀ ਭੂ-ਰਾਜਨੀਤਿਕ ਅਨਿਸ਼ਚਿਤਤਾ ਨੇ ਕੰਪਨੀਆਂ ਦੀ ਲਾਗਤ ਵਧਾ ਦਿੱਤੀ ਹੈ। ਇਸ ਲਈ ਹੁਣ ਕੰਪਨੀਆਂ ਆਪਣੇ ਮੁਨਾਫ਼ੇ ਨੂੰ ਬਰਕਰਾਰ ਰੱਖਣ ਲਈ ਉਤਪਾਦਾਂ ਦੇ ਰੇਟ ਵਧਾਉਣ ਜਾਂ ਫਿਰ ਪੈਕੇਟ ਛੋਟੇ ਕਰਨ ਵਰਗੇ ਕਦਮਾਂ 'ਤੇ ਵਿਚਾਰ ਕਰ ਰਹੀ ਹੈ।
ਵੱਖ-ਵੱਖ FMCG ਕੰਪਨੀਆਂ ਵੱਲੋਂ ਜਾਰੀ ਕੀਤੇ ਵਿੱਤੀ ਬਿਆਨਾਂ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵਿਸ਼ਲੇਸ਼ਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਬਿਸਕੁਟ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਬ੍ਰਿਟਾਨੀਆ ਇੰਡਸਟਰੀਜ਼ ਨੇ ਇਸ਼ਾਰਾ ਦਿੱਤਾ ਕਿ ਚੀਨੀ ਅਤੇ ਪਾਮ ਆਇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਉਸ ਦੇ ਉਤਪਾਦਾਂ 'ਤੇ ਪੈ ਰਿਹਾ ਹੈ। ਇਸ ਕਾਰਨ ਕੰਪਨੀ ਆਪਣੇ ਮਸ਼ਹੂਰ 5 ਰੁਪਏ ਅਤੇ 10 ਰੁਪਏ ਵਾਲੇ ਬਿਸਕੁਟ ਪੈਕਟਾਂ ਨੂੰ ਛੋਟਾ ਕਰਨ 'ਤੇ ਵਿਚਾਰ ਕਰ ਰਹੀ ਹੈ। ਯਾਨੀ ਕੰਪਨੀ ਪੈਕੇਟ ਵਿੱਚ ਮੌਜੂਦ ਸਮਾਨ ਦੀ ਮਾਤਰਾ ਘਟਾਉਣ ਜਾ ਰਹੀ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਕਸ਼ਿਤ ਹਰਗਾਵੇ ਮੁਤਾਬਕ, ਪੈਕਟ ਦਾ ਵਜ਼ਨ ਘਟਾਉਣ ਨਾਲ ਖਪਤਕਾਰ ਲਈ ਕੀਮਤ ਵਿੱਚ ਸਿੱਧਾ ਵਾਧਾ ਨਾ ਹੋਣ ਦੇ ਬਾਵਜੂਦ ਲਗਭਗ 1.5 ਤੋਂ 2 ਫੀਸਦੀ ਦੀ ਪ੍ਰਭਾਵੀ ਕੀਮਤ ਵਾਧਾ ਹੋਵੇਗਾ। ਬ੍ਰਿਟਾਨੀਆ ਦਾ ਮੰਨਣਾ ਹੈ ਕਿ ਜੇਕਰ ਕੱਚੇ ਮਾਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿੰਦੀਆਂ ਹਨ ਤਾਂ ਭਵਿੱਖ ਵਿੱਚ ਹੋਰ ਕੀਮਤਾਂ ਵਿੱਚ ਬਦਲਾਅ ਦੀ ਲੋੜ ਪੈ ਸਕਦੀ ਹੈ।
FMCG ਖੇਤਰ ਦੀ ਇੱਕ ਹੋਰ ਵੱਡੀ ਕੰਪਨੀ ਡਾਬਰ ਇੰਡੀਆ ਨੇ ਵੀ ਆਉਣ ਵਾਲੇ ਸਮੇਂ ਵਿੱਚ ਕੱਚੇ ਮਾਲ ਦੀਆਂ ਕੀਮਤਾਂ ਉੱਚੀਆਂ ਰਹਿਣ ਦੀ ਸੰਭਾਵਨਾ ਜਤਾਈ ਹੈ। ਡਾਬਰ ਇੰਡੀਆ ਦੇ ਸੀਈਓ ਮੋਹਿਤ ਮਲਹੋਤਰਾ ਦੇ ਅਨੁਸਾਰ, ਜੇਕਰ ਉਤਪਾਦਨ ਲਾਗਤ 'ਤੇ ਦਬਾਅ ਬਣਿਆ ਰਹਿੰਦਾ ਹੈ ਤਾਂ ਕੰਪਨੀ ਕੁਝ ਚੁਣੇ ਹੋਏ ਉਤਪਾਦਾਂ ਦੇ ਰੇਟ ਵਧਾ ਸਕਦੀ ਹੈ। ਕੀਮਤ ਵਧਾਉਣ ਦੇ ਨਾਲ-ਨਾਲ ਕੰਪਨੀ ਉਤਪਾਦਨ ਅਤੇ ਹੋਰ ਕਾਰਜਾਂ ਵਿੱਚ ਲਾਗਤ ਘਟਾਉਣ 'ਤੇ ਵੀ ਧਿਆਨ ਦੇਵੇਗੀ। ਇਸ ਦਾ ਉਦੇਸ਼ ਵਧੀਆਂ ਲਾਗਤਾਂ ਦੇ ਬਾਵਜੂਦ ਕੰਪਨੀ ਦੇ ਮੁਨਾਫ਼ੇ ਨੂੰ ਸੰਤੁਲਿਤ ਰੱਖਣਾ ਹੈ।
ਹਿੰਦੁਸਤਾਨ ਯੂਨੀਲੀਵਰ (HUL) ਵੀ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਾਵਧਾਨ ਹੈ। ਕੰਪਨੀ ਦੇ ਅਨੁਮਾਨ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ਦੇ ਮੁਕਾਬਲੇ ਸਤੰਬਰ ਤਿਮਾਹੀ ਵਿੱਚ ਲਾਗਤ ਨਾਲ ਜੁੜਿਆ ਮਹਿੰਗਾਈ ਦਬਾਅ 2 ਤੋਂ 5 ਫੀਸਦੀ ਤੱਕ ਵਧ ਸਕਦਾ ਹੈ। HUL ਦੀ ਸੀਈਓ ਪ੍ਰਿਆ ਨਾਇਰ ਨੇ ਸੰਕੇਤ ਦਿੱਤਾ ਹੈ ਕਿ ਕੰਪਨੀ ਕੀਮਤਾਂ ਵਿੱਚ ਵਾਧਾ ਕਰਦੇ ਸਮੇਂ ਖਪਤਕਾਰਾਂ ਦੀ ਮੰਗ ਨੂੰ ਵੀ ਧਿਆਨ ਵਿੱਚ ਰੱਖੇਗੀ। ਕੰਪਨੀ ਦੀ ਕੋਸ਼ਿਸ਼ ਹੋਵੇਗੀ ਕਿ ਕੀਮਤਾਂ ਵਿੱਚ ਬਦਲਾਅ ਇੰਨਾ ਸੰਤੁਲਿਤ ਹੋਵੇ ਕਿ ਵਿਕਰੀ 'ਤੇ ਵੱਡਾ ਨਕਾਰਾਤਮਕ ਅਸਰ ਨਾ ਪਵੇ।
ਗੋਦਰੇਜ ਕੰਜਿਊਮਰ ਪ੍ਰੋਡਕਟਸ (GCPL) ਵੀ ਕੱਚੇ ਤੇਲ ਅਤੇ ਹੋਰ ਕਮੋਡਿਟੀਜ਼ ਦੀਆਂ ਕੀਮਤਾਂ ਵਿੱਚ ਹੋ ਰਹੇ ਬਦਲਾਅ 'ਤੇ ਨਜ਼ਰ ਰੱਖ ਰਹੀ ਹੈ। ਇਸ ਕੰਪਨੀ ਦੇ ਸੀਈਓ ਸੁਧੀਰ ਸੀਤਾਪਤੀ ਮੁਤਾਬਕ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਕਾਰਨ ਕੰਪਨੀ ਨੇ ਫਿਲਹਾਲ ਬਹੁਤ ਵੱਡੇ ਪੱਧਰ 'ਤੇ ਕੀਮਤਾਂ ਵਧਾਉਣ ਤੋਂ ਪਰਹੇਜ਼ ਕੀਤਾ ਹੈ। ਹਾਲਾਂਕਿ ਸਤੰਬਰ ਤਿਮਾਹੀ ਵਿੱਚ ਜੂਨ ਤਿਮਾਹੀ ਵਰਗਾ ਕੀਮਤ ਸਮਾਯੋਜਨ ਕੀਤਾ ਜਾ ਸਕਦਾ ਹੈ। ਇਸ ਦਾ ਅਰਥ ਹੈ ਕਿ ਜੇਕਰ ਕੱਚੇ ਮਾਲ ਅਤੇ ਹੋਰ ਜਿੰਸਾਂ ਦੀਆਂ ਕੀਮਤਾਂ 'ਤੇ ਦਬਾਅ ਬਣਿਆ ਰਹਿੰਦਾ ਹੈ ਤਾਂ ਖਪਤਕਾਰਾਂ ਨੂੰ ਕੁਝ ਉਤਪਾਦਾਂ ਲਈ ਵਧੇਰੇ ਪੈਸੇ ਦੇਣੇ ਪੈ ਸਕਦੇ ਹਨ।
FMCG ਕੰਪਨੀਆਂ ਮੁਤਾਬਕ, ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨੇ ਉਨ੍ਹਾਂ ਦੀ ਉਤਪਾਦਨ ਲਾਗਤ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਹੀ ਜੂਨ ਤਿਮਾਹੀ ਦੌਰਾਨ ਕਈ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਲਗਭਗ 2 ਤੋਂ 5 ਫੀਸਦੀ ਤੱਕ ਵਾਧਾ ਕੀਤਾ ਸੀ। ਬਿਸਕੁਟ ਅਤੇ ਹੋਰ ਖੁਰਾਕੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਲਈ ਚੀਨੀ ਅਤੇ ਪਾਮ ਆਇਲ ਇੱਕ ਮਹੱਤਵਪੂਰਨ ਮਾਲ ਹੈ। ਜੇਕਰ ਇਨ੍ਹਾਂ ਜਿੰਸਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹਿੰਦਾ ਹੈ ਤਾਂ ਕੰਪਨੀਆਂ ਦੀ ਉਤਪਾਦਨ ਲਾਗਤ 'ਤੇ ਸਿੱਧਾ ਅਸਰ ਪੈਂਦਾ ਹੈ। ਇਸੇ ਕਾਰਨ ਕੰਪਨੀਆਂ ਹੁਣ ਆਪਣੇ ਉਤਪਾਦਾਂ ਦੀ ਕੀਮਤ ਅਤੇ ਪੈਕਿੰਗ ਰਣਨੀਤੀ ਵਿੱਚ ਬਦਲਾਅ ਕਰਨ ਦੀ ਤਿਆਰੀ ਕਰ ਰਹੀਆਂ ਹਨ।