Courtesy: pinterest
ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦਾ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਵਿਦਾਈ ਸਮਾਗਮ ਵਿੱਚ ਤਹਿਰਾਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਦੌਰਾਨ ਇੱਕ ਮੰਚ ਸੰਚਾਲਕ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਸਮਾਗਮ ਵਿੱਚ ਮੌਜੂਦ ਭੀੜ ਨੇ ਵੀ ਨਾਅਰੇਬਾਜ਼ੀ ਕੀਤੀ। ਇਸ ਘਟਨਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਚਰਚਾ ਛੇੜ ਦਿੱਤੀ ਹੈ।
ਰਿਪੋਰਟਾਂ ਮੁਤਾਬਕ, ਸਮਾਗਮ ਦੌਰਾਨ ਸੰਬੋਧਨ ਕਰ ਰਹੇ ਕਵੀ ਮੁਹੰਮਦ ਰਸੂਲੀ ਨੇ ਪਹਿਲਾਂ ਰਵਾਇਤੀ ਤੌਰ 'ਤੇ ਅਮਰੀਕਾ ਅਤੇ ਇਜ਼ਰਾਈਲ ਵਿਰੋਧੀ ਨਾਅਰੇ ਲਗਵਾਏ। ਇਸ ਤੋਂ ਬਾਅਦ ਉਨ੍ਹਾਂ ਨੇ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਸਖ਼ਤ ਬਿਆਨ ਦਿੱਤਾ। ਉਨ੍ਹਾਂ ਦੇ ਬਿਆਨ ਮਗਰੋਂ ਮੌਕੇ 'ਤੇ ਮੌਜੂਦ ਕਈ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਆਪਣਾ ਸਮਰਥਨ ਜਤਾਇਆ।
ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਭਾਵੁਕ ਹੋ ਕੇ ਆਪਣੇ ਨੇਤਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਸ ਵੀਡੀਓ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਉਹੀ ਹੈ ਜਿਸ ਨੇ ਮੰਚ ਤੋਂ ਸੰਬੋਧਨ ਕੀਤਾ ਸੀ ਜਾਂ ਕੋਈ ਹੋਰ।
ਤਹਿਰਾਨ ਦੀਆਂ ਸੜਕਾਂ 'ਤੇ ਉਮੜਿਆ ਲੋਕਾਂ ਦਾ ਸੈਲਾਬ
ਅੰਤਿਮ ਵਿਦਾਈ ਸਮਾਗਮ ਦੌਰਾਨ ਤਹਿਰਾਨ ਦੀਆਂ ਸੜਕਾਂ 'ਤੇ ਲੱਖਾਂ ਲੋਕ ਇਕੱਠੇ ਹੋਏ। ਕਾਲੇ ਕੱਪੜੇ ਪਹਿਨੇ ਲੋਕ ਆਪਣੇ ਹੱਥਾਂ ਵਿੱਚ ਅਯਾਤੁੱਲਾ ਅਲੀ ਖਾਮੇਨੇਈ ਦੀਆਂ ਤਸਵੀਰਾਂ, ਝੰਡੇ ਅਤੇ ਬੈਨਰ ਲੈ ਕੇ ਚੱਲ ਰਹੇ ਸਨ। ਕੁਝ ਪ੍ਰਦਰਸ਼ਨਕਾਰੀਆਂ ਕੋਲ ਅਮਰੀਕਾ ਅਤੇ ਇਜ਼ਰਾਈਲ ਵਿਰੋਧੀ ਨਾਅਰਿਆਂ ਵਾਲੇ ਪੋਸਟਰ ਵੀ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦੀਵਾਰਾਂ 'ਤੇ ਵੀ ਇਸ ਤਰ੍ਹਾਂ ਦੇ ਨਾਅਰੇ ਅਤੇ ਗ੍ਰੈਫਿਟੀ ਦੇਖਣ ਨੂੰ ਮਿਲੀ।
ਦੂਜੇ ਪਾਸੇ ਟਰੰਪ ਨੇ ਕੀਤਾ ਇਰਾਨ 'ਤੇ ਨਿਸ਼ਾਨਾ
ਜਿਸ ਸਮੇਂ ਤਹਿਰਾਨ ਵਿੱਚ ਇਹ ਸਮਾਗਮ ਚੱਲ ਰਿਹਾ ਸੀ, ਉਸੇ ਵੇਲੇ ਅਮਰੀਕਾ ਵਿੱਚ ਡੋਨਾਲਡ ਟਰੰਪ ਦੇਸ਼ ਦੀ 250ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਗਮ ਵਿੱਚ ਸ਼ਾਮਲ ਸਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਅਮਰੀਕੀ ਫੌਜ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਇਰਾਨ 'ਤੇ ਤਿੱਖਾ ਹਮਲਾ ਬੋਲਿਆ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਆਪਣੇ ਟੀਚਿਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਇਰਾਨ ਦੀ ਫੌਜੀ ਸਮਰੱਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ।