Courtesy: ai image
ਕੈਂਬਰਿਜਸ਼ਾਇਰ: ਬ੍ਰਿਟੇਨ ਦੇ ਕੈਂਬਰਿਜਸ਼ਾਇਰ ਵਿੱਚ ਰਹਿੰਦੇ ਹਿੰਦੂ ਭਾਈਚਾਰੇ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਦੀ ਪਹਿਲੇ ਹਿੰਦੂ ਮੰਦਰ ਅਤੇ ਭਾਈਚਾਰਕ ਕੇਂਦਰ ਦੀ ਯੋਜਨਾ ਨੂੰ ਮਨਜ਼ੂਰੀ ਨਹੀਂ ਮਿਲੀ। ਸਥਾਨਕ ਕੌਂਸਲ ਨੇ ਨਾਰਥਸਟੋ ਸ਼ਹਿਰ ਵਿੱਚ ਧਾਰਮਿਕ ਵਰਤੋਂ ਲਈ ਰਾਖਵੀਂ ਜ਼ਮੀਨ ਹਿੰਦੂ ਸੰਸਥਾ ਨੂੰ ਦੇਣ ਦੀ ਬਜਾਏ ਇੱਕ ਚਰਚ ਅਤੇ ਮੁਸਲਿਮ ਭਾਈਚਾਰੇ ਨਾਲ ਜੁੜੇ ਗਰੁੱਪ ਨੂੰ ਦੇਣ ਦਾ ਫ਼ੈਸਲਾ ਕੀਤਾ।
ਸਾਊਥ ਕੈਂਬਰਿਜਸ਼ਾਇਰ ਡਿਸਟ੍ਰਿਕਟ ਕੌਂਸਲ ਨੇ ਕਰੀਬ 0.2 ਹੈਕਟੇਅਰ ਜ਼ਮੀਨ 999 ਸਾਲਾਂ ਦੀ ਲੀਜ਼ 'ਤੇ ਨਾਰਥਸਟੋ ਚਰਚ ਨੈੱਟਵਰਕ (NCN) ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਲੀਜ਼ ਬਹੁਤ ਹੀ ਘੱਟ ਕਿਰਾਏ 'ਤੇ ਦਿੱਤੀ ਜਾਵੇਗੀ।
ਦੂਜੇ ਪਾਸੇ, ਹਿੰਦੂ ਸਮਾਜ ਨਾਰਥਸਟੋ (HSN) ਨੇ ਵੀ ਇਸ ਜ਼ਮੀਨ ਲਈ ਅਰਜ਼ੀ ਦਿੱਤੀ ਸੀ। ਸੰਸਥਾ ਨੇ ਇੱਥੇ ਇੱਕ ਹਿੰਦੂ ਮੰਦਰ ਦੇ ਨਾਲ-ਨਾਲ ਹਰ ਧਰਮ ਦੇ ਲੋਕਾਂ ਲਈ ਇੱਕ ਕਮਿਊਨਿਟੀ ਸੈਂਟਰ ਅਤੇ ਵੈੱਲਬੀਇੰਗ ਸੈਂਟਰ ਬਣਾਉਣ ਦੀ ਯੋਜਨਾ ਪੇਸ਼ ਕੀਤੀ ਸੀ। ਹਾਲਾਂਕਿ, ਕੌਂਸਲ ਵੱਲੋਂ ਕੀਤੇ ਗਏ ਮੁਲਾਂਕਣ ਵਿੱਚ HSN ਦੀ ਪੇਸ਼ਕਸ਼ ਨੂੰ 65 ਫ਼ੀਸਦੀ, ਜਦਕਿ NCN ਦੀ ਪੇਸ਼ਕਸ਼ ਨੂੰ 81 ਫ਼ੀਸਦੀ ਅੰਕ ਮਿਲੇ। ਇਸ ਕਾਰਨ ਜ਼ਮੀਨ ਚਰਚ ਨੈੱਟਵਰਕ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ।
ਹਿੰਦੂ ਭਾਈਚਾਰੇ ਦਾ ਕਹਿਣਾ ਹੈ ਕਿ ਕੈਂਬਰਿਜਸ਼ਾਇਰ ਵਿੱਚ ਕਈ ਚਰਚ ਅਤੇ ਮਸਜਿਦਾਂ ਮੌਜੂਦ ਹਨ, ਪਰ ਹਿੰਦੂਆਂ ਲਈ ਇੱਕ ਵੀ ਸਥਾਈ ਮੰਦਰ ਨਹੀਂ ਹੈ। ਇਸ ਕਾਰਨ ਧਾਰਮਿਕ ਸਮਾਗਮਾਂ ਜਾਂ ਪੂਜਾ-ਅਰਚਨਾ ਲਈ ਲੋਕਾਂ ਨੂੰ ਬਰਮਿੰਘਮ ਜਾਂ ਵੇਂਬਲੀ ਵਰਗੇ ਸ਼ਹਿਰਾਂ ਤੱਕ ਲੰਮਾ ਸਫ਼ਰ ਕਰਨਾ ਪੈਂਦਾ ਹੈ, ਜਿਸ ਵਿੱਚ ਲਗਭਗ ਦੋ ਘੰਟੇ ਲੱਗ ਜਾਂਦੇ ਹਨ।
ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਸਥਾਈ ਧਾਰਮਿਕ ਸਥਾਨ ਨਾ ਹੋਣ ਕਰਕੇ ਉਹ ਹਰ ਵਾਰ ਵੱਖ-ਵੱਖ ਹਾਲ ਕਿਰਾਏ 'ਤੇ ਲੈਣ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਤਿਉਹਾਰ ਮਨਾਉਣ ਵਿੱਚ ਕਾਫ਼ੀ ਦਿੱਕਤਾਂ ਆਉਂਦੀਆਂ ਹਨ। ਕਈ ਵਾਰ ਮੂਰਤੀਆਂ ਨੂੰ ਸੰਭਾਲਣ ਲਈ ਉਨ੍ਹਾਂ ਨੂੰ ਬੈਗਾਂ ਵਿੱਚ ਰੱਖ ਕੇ ਗੈਰਾਜਾਂ ਵਿੱਚ ਰੱਖਣਾ ਪੈਂਦਾ ਹੈ ਅਤੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੇ ਸਮੇਂ ਕੁਝ ਮੂਰਤੀਆਂ ਨੂੰ ਨੁਕਸਾਨ ਵੀ ਪਹੁੰਚ ਜਾਂਦਾ ਹੈ।
ਹਿੰਦੂ ਸਮਾਜ ਨਾਰਥਸਟੋ ਦੀ ਚੇਅਰਪਰਸਨ ਅਪਰਣਾ ਨਿਗਮ-ਸਕਸੇਨਾ ਨੇ ਕੌਂਸਲ ਦੇ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਮੁਲਾਂਕਣ ਦੇ ਤਰੀਕੇ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਸੰਸਥਾ ਹੁਣ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੇ ਮੁਤਾਬਕ, ਕੌਂਸਲ ਨੇ ਉਨ੍ਹਾਂ ਦੀ ਅਰਜ਼ੀ ਨੂੰ ਵਿੱਤੀ ਤਜਰਬੇ ਅਤੇ ਰਿਕਾਰਡ ਦੀ ਕਮੀ ਵਰਗੇ ਕਾਰਨਾਂ ਕਰਕੇ ਘੱਟ ਅੰਕ ਦਿੱਤੇ, ਪਰ ਪਹਿਲਾਂ ਇਸ ਬਾਰੇ ਸਪਸ਼ਟ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਕੌਂਸਲ ਨੂੰ ਆਰਕੀਟੈਕਟ ਵੱਲੋਂ ਤਿਆਰ ਕੀਤੇ ਵਿਸਥਾਰਪੂਰਵਕ ਅਨੁਮਾਨ ਜਾਂ ਹੋਰ ਦਸਤਾਵੇਜ਼ ਚਾਹੀਦੇ ਸਨ ਤਾਂ ਇਸ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ।
ਨਾਰਥਸਟੋ ਵਿੱਚ ਰਹਿੰਦੇ ਕਰੀਬ 150 ਹਿੰਦੂ ਪਰਿਵਾਰਾਂ ਨੇ ਵੀ ਇਸ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। 16 ਸਾਲਾ ਇੱਕ ਵਿਦਿਆਰਥਣ ਨੇ ਕਿਹਾ ਕਿ ਸਥਾਨਕ ਮੰਦਰ ਨਾ ਹੋਣ ਕਰਕੇ ਉਹ ਕਦੇ ਵੀ ਪੂਰੀ ਰਾਤ ਚੱਲਣ ਵਾਲੇ ਸ਼ਿਵਰਾਤਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੀ ਅਤੇ ਨਾ ਹੀ ਹਵਨ ਵਰਗੀਆਂ ਧਾਰਮਿਕ ਰਸਮਾਂ ਦਾ ਹਿੱਸਾ ਬਣ ਸਕੀ। ਉਸਨੇ ਕਿਹਾ ਕਿ ਜਦੋਂ ਉਹ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਤਿਉਹਾਰ ਮਨਾਉਂਦੇ ਵੇਖਦੀ ਹੈ ਤਾਂ ਉਸਦਾ ਵੀ ਮਨ ਕਰਦਾ ਹੈ ਕਿ ਉਹ ਵੀ ਉਹਨਾਂ ਦੀ ਤਰ੍ਹਾਂ ਆਪਣੇ ਧਰਮ ਨਾਲ ਜੁੜੇ ਸਮਾਗਮਾਂ ਵਿੱਚ ਹਿੱਸਾ ਲਵੇ, ਪਰ ਇੱਥੇ ਇਹ ਸੰਭਵ ਨਹੀਂ ਹੋ ਪਾਉਂਦਾ।
ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਆ ਕੇ ਯੂਕੇ ਵਿੱਚ ਵਸੇ ਇੱਕ ਹੋਰ ਵਿਅਕਤੀ ਨੇ ਵੀ ਆਪਣੀ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਵਾਰ ਉਸਨੂੰ ਲੱਗਦਾ ਹੈ ਕਿ ਵਿਦੇਸ਼ ਆਉਣ ਦਾ ਫ਼ੈਸਲਾ ਗਲਤ ਸੀ, ਕਿਉਂਕਿ ਉਸਦੇ ਬੱਚਿਆਂ ਨੂੰ ਹਿੰਦੂ ਧਾਰਮਿਕ ਤਿਉਹਾਰਾਂ ਅਤੇ ਪਰੰਪਰਾਵਾਂ ਨਾਲ ਜੁੜਨ ਦਾ ਮੌਕਾ ਨਹੀਂ ਮਿਲ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਥਾਈ ਮੰਦਰ ਬਣਨ ਨਾਲ ਨਾ ਸਿਰਫ਼ ਧਾਰਮਿਕ ਗਤੀਵਿਧੀਆਂ ਨੂੰ ਬਲ ਮਿਲੇਗਾ, ਸਗੋਂ ਨਵੀਂ ਪੀੜ੍ਹੀ ਵੀ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕੇਗੀ।