ਮੱਧ ਪੂਰਬ ਦੇ ਸੰਵੇਦਨਸ਼ੀਲ ਸਮੁੰਦਰੀ ਰਸਤਿਆਂ ਵਿੱਚ ਇੱਕ ਵਾਰ ਫਿਰ ਖ਼ਤਰਨਾਕ ਵਾਰਦਾਤ ਸਾਹਮਣੇ ਆਈ ਹੈ। ਓਮਾਨ ਦੇ ਸਮੁੰਦਰੀ ਸੀਮਾ ਨੇੜੇ ਭਾਰਤੀ ਮਲਾਹਾਂ ਨਾਲ ਲੱਦਿਆ ਜਹਾਜ਼ ਐਮ.ਟੀ. ਜਲਵੀਰ ਅਣਪਛਾਤੇ ਹਮਲੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਪਿਛਲੇ ਤਿੰਨ ਦਿਨਾਂ ਦੌਰਾਨ ਇਸ ਖੇਤਰ ਵਿੱਚ ਹੋਣ ਵਾਲਾ ਤੀਜਾ ਅਜਿਹਾ ਹਮਲਾ ਹੈ, ਜਿਸ ਨੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਰਿਪੋਰਟਾਂ ਅਨੁਸਾਰ, ਹਮਲੇ ਦੌਰਾਨ ‘ਜਲਵੀਰ’ ਨਾਂ ਦੇ ਕਾਰਗੋ ਜਹਾਜ਼ ‘ਤੇ 20 ਭਾਰਤੀ ਮਲਾਹ ਮੌਜੂਦ ਸਨ। ਹਾਲਾਂਕਿ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਹਮਲੇ ਵਿੱਚ ਕਿਸੇ ਮਲਾਹ ਨੂੰ ਜਾਨੀ ਨੁਕਸਾਨ ਹੋਇਆ ਹੈ ਜਾਂ ਜਹਾਜ਼ ਨੂੰ ਕਿੰਨਾ ਵੱਡਾ ਭੌਤਿਕ ਨੁਕਸਾਨ ਪਹੁੰਚਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਵਿੱਚ ਜਹਾਜ਼ ਵਿੱਚੋਂ ਧੁੰਆਂ ਉੱਠਦਾ ਦਿਖਾਈ ਦੇ ਰਿਹਾ ਹੈ।
ਦੂਤਾਵਾਸ ਨੇ ਕਿਹਾ- ਭਾਰਤੀ ਮਲਾਹਾਂ ਦੀ ਸੁਰੱਖ਼ਿਆ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ
ਓਮਾਨ ਵਿੱਚ ਭਾਰਤੀ ਦੂਤਾਵਾਸ ਨੇ ਤੁਰੰਤ ਇਸ ਘਟਨਾ ਦਾ ਨੋਟਿਸ ਲੈਂਦਿਆਂ ਸਥਾਨਕ ਪ੍ਰਸ਼ਾਸਨ ਅਤੇ ਸਮੁੰਦਰੀ ਅਧਿਕਾਰੀਆਂ ਨਾਲ ਸੰਪਰਕ ਸਥਾਪਤ ਕਰ ਲਿਆ ਹੈ। ਦੂਤਾਵਾਸ ਨੇ ਕਿਹਾ ਕਿ ਉਹ ਪੂਰੇ ਮਾਮਲੇ ‘ਤੇ ਕਰੀਬੀ ਨਜ਼ਰ ਰੱਖੇ ਹੋਏ ਹਨ ਅਤੇ ਭਾਰਤੀ ਮਲਾਹਾਂ ਦੀ ਸੁਰੱਖ਼ਿਆ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਵੀ ਓਮਾਨ ਦੇ ਨੇੜੇ ਇੱਕ ਹੋਰ ਕਾਰਗੋ ਜਹਾਜ਼ ‘ਤੇ ਅਮਰੀਕੀ ਹਮਲੇ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ ਸੀ। ਉਕਤ ਹਮਲੇ ਵਿੱਚ ਜਹਾਜ਼ ‘ਤੇ ਸਵਾਰ 24 ਵਿੱਚੋਂ 21 ਭਾਰਤੀ ਮਲਾਹਾਂ ਨੂੰ ਰਾਹਤ ਦੇ ਕੇ ਬਚਾਇਆ ਜਾ ਸਕਿਆ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਘਟਨਾ ਨੂੰ ਦੁਖਾਂਤਕਾਰੀ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਬਚਾਏ ਗਏ ਮਲਾਹਾਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਤੁਰੰਤ ਸੁਰੱਖਿਅਤ ਭਾਰਤ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।
ਦੋ ਦਿਨ ਪਹਿਲਾਂ ਵੀ ਅਮਰੀਕੀ ਨੌਸੇਨਾ ਨੇ 24 ਭਾਰਤੀਆਂ ਨੂੰ ਲਿਜਾ ਰਹੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕਾ ਦਾ ਦੋਸ਼ ਹੈ ਕਿ ਇਹ ਜਹਾਜ਼ ਈਰਾਨੀ ਤੇਲ ਦੀ ਤਸਕਰੀ ਕਰ ਰਹੇ ਸਨ ਅਤੇ ਈਰਾਨ ‘ਤੇ ਲੱਗੀ ਪਾਬੰਦੀ ਦੀ ਉਲੰਘਣਾ ਕਰ ਰਹੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਸਮੁੰਦਰੀ ਰਸਤੇ ‘ਤੇ ਲਾਗੂ ਕੀਤੀ ਨਾਕਾਬੰਦੀ ਤੋਂ ਬਾਅਦ ਇਹ ਘਟਨਾਵਾਂ ਵਧ ਗਈਆਂ ਹਨ। ਅਮਰੀਕਾ ਈਰਾਨ ‘ਤੇ ਦਬਾਅ ਪਾਉਣ ਲਈ ਉਸ ਨਾਲ ਜੁੜੇ ਕਿਸੇ ਵੀ ਸ਼ੱਕੀ ਸਮੁੰਦਰੀ ਕਾਰੋਬਾਰ ਨੂੰ ਨਿਸ਼ਾਨਾ ਬਣਾ ਰਿਹਾ ਹੈ।