ਜਰਮਨੀ ਦੇ ਉੱਤਰੀ ਹਿੱਸੇ ਵਿੱਚ ਸਥਿਤ ਸ਼ਟਾਡੇ ਸ਼ਹਿਰ ਵਿੱਚ ਗੋਲੀਬਾਰੀ ਦੀ ਇੱਕ ਭਿਆਨਕ ਘਟਨਾ ਵਾਪਰੀ ਹੈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼ਹਿਰ ਦੇ ਮੱਧ ਵਿੱਚ ਸਥਿਤ ਇੱਕ ਯੁਵਾ ਕੇਂਦਰ ਵਿੱਚ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਘਟਨਾ ਸਥੱਲ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਸਥਾਨਕ ਮੀਡੀਆ ਦੇ ਅਨੁਸਾਰ, ਗੋਲੀਬਾਰੀ ਦੌਰਾਨ ਇੱਕ ਤੋਂ ਵੱਧ ਹਮਲਾਵਰ ਸ਼ਾਮਲ ਹੋ ਸਕਦੇ ਹਨ, ਹਾਲਾਂਕਿ ਪੁਲਿਸ ਵੱਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਲਿਉਨੇਬਰਗ ਪੁਲਿਸ ਹੈੱਡਕੁਆਰਟਰ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹੈਮਬਰਗ ਸ਼ਹਿਰ ਦੇ ਨੇੜੇ ਸਥਿਤ ਸ਼ਟਾਡੇ ਦੀ ਆਬਾਦੀ ਲਗਭਗ 50 ਹਜ਼ਾਰ ਹੈ। ਘਟਨਾ ਮਗਰੋਂ ਇਲਾਕੇ ਵਿੱਚ ਵੱਡੇ ਪੱਧਰ 'ਤੇ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਪੁਲਿਸ ਅਨੁਸਾਰ ਮੌਕੇ 'ਤੇ ਬਚਾਅ ਕਾਰਜ ਜਾਰੀ ਹਨ ਅਤੇ ਮੁਲਜ਼ਮਾਂ ਦੀ ਭਾਲ ਲਈ ਕਈ ਟੀਮਾਂ ਲਗਾਈਆਂ ਗਈਆਂ ਹਨ। ਫਿਲਹਾਲ ਗੋਲੀਬਾਰੀ ਦੇ ਪਿੱਛੇ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ, ਪਰ ਮੁੱਢਲੀ ਜਾਂਚ ਵਿੱਚ ਇਹ ਘਟਨਾ ਕਿਸੇ ਵੱਡੀ ਸਾਜ਼ਿਸ਼ ਜਾਂ ਅੱਤਵਾਦੀ ਗਤੀਵਿਧੀ ਦਾ ਹਿੱਸਾ ਹੋ ਸਕਦੀ ਹੈ, ਜਿਸ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਦੀ ਗ੍ਰਿਫ਼ਤਾਰੀ ਮਗਰੋਂ ਪੁੱਛ-ਗਿੱਛ ਜਾਰੀ ਹੈ। ਇਸ ਵਿਚਕਾਰ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।