Courtesy: X@dahrinoor2
ਨਵੀਂ ਦਿੱਲੀ: ਮੁੰਬਈ ਵਿੱਚ ਹੋਏ 26/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ (LeT) ਦੇ ਸੰਸਥਾਪਕ ਹਾਫਿਜ਼ ਸਈਦ ਨੂੰ ਲੈ ਕੇ ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਨੇ ਸਈਦ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। ਪਾਕਿ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਭਾਰਤ ਉਸ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਜਾ ਰਿਹਾ ਹੈ।
IANS ਦੀ ਰਿਪੋਰਟ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਦੇ ਖੁਫੀਆ ਮੁਲਾਂਕਣਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਾਫਿਜ਼ ਸਈਦ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਹਨ। ਉਸਦੇ ਕਈ ਕਰੀਬੀ ਸਾਥੀ ਵੀ ਮਾਰੇ ਜਾ ਚੁੱਕੇ ਹਨ। ਇਸ ਕਾਰਨ ਪਾਕਿਸਤਾਨੀ ਖੁਫੀਆ ਤੰਤਰ ਨੂੰ ਹੁਣ ਖ਼ਦਸ਼ਾ ਹੈ ਕਿ ਹਾਫਿਜ਼ ਸਈਦ ਖੁਦ ਵੀ ਵੱਡਾ ਨਿਸ਼ਾਨਾ ਬਣ ਸਕਦਾ ਹੈ।
ਭਾਰਤੀ ਕਾਰਵਾਈ ਦੀਆਂ ਖ਼ਬਰਾਂ ਵਿਚਾਲੇ ਹਾਫਿਜ਼ ਸਈਦ ਦੇ ਆਲੇ-ਦੁਆਲੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਗਈ ਹੈ। ਉਸ ਨੂੰ ਮਿਲਣ ਆਉਣ ਵਾਲੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਲੋਕਾਂ ਦੀ ਵੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਸਈਦ ਨੂੰ ਲੈ ਕੇ ਖ਼ਤਰੇ ਦਾ ਡਰ ਵੱਧਣ ਤੋਂ ਬਾਅਦ ਉਸ ਦੀ ਆਵਾਜਾਈ 'ਤੇ ਵੀ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ।
ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਆਪਰੇਸ਼ਨ ਸਿੰਦੂਰ ਅਤੇ ਸਈਦ ਨੂੰ ਨਿਸ਼ਾਨਾ ਬਣਾਉਣ ਦੀਆਂ ਕਥਿਤ ਕੋਸ਼ਿਸ਼ਾਂ ਤੋਂ ਬਾਅਦ ਉਸ ਦੀ ਜਨਤਕ ਆਵਾਜਾਈ ਲਗਭਗ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਹਾਫਿਜ਼ ਸਈਦ ਲਸ਼ਕਰ ਨਾਲ ਜੁੜੇ ਟ੍ਰੇਨਿੰਗ ਕੈਂਪਾਂ ਅਤੇ ਵਿਚਾਰਧਾਰਕ ਗਤੀਵਿਧੀਆਂ ਵਾਲੀਆਂ ਥਾਵਾਂ 'ਤੇ ਜਾਂਦਾ ਸੀ। ਉੱਥੇ ਉਹ ਕੈਡਰ ਨਾਲ ਮੁਲਾਕਾਤ ਕਰਦਾ ਅਤੇ ਉਨ੍ਹਾਂ ਨੂੰ ਸੰਬੋਧਨ ਵੀ ਕਰਦਾ ਸੀ। ਪਰ ਮੌਜੂਦਾ ਸੁਰੱਖਿਆ ਪ੍ਰਬੰਧਾਂ ਕਾਰਨ ਹੁਣ ਉਸ ਨੂੰ ਅਜਿਹੀਆਂ ਥਾਵਾਂ 'ਤੇ ਜਾਣ ਦੀ ਇਜਾਜ਼ਤ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਹਾਫਿਜ਼ ਸਈਦ ਦੀ ਅਸਲ ਲੋਕੇਸ਼ਨ ਨੂੰ ਲੈ ਕੇ ਵੀ ਕਾਫ਼ੀ ਸਵਾਲ ਹਨ। ਪਾਕਿਸਤਾਨ ਦਾ ਅਧਿਕਾਰਤ ਦਾਅਵਾ ਹੈ ਕਿ ਉਹ 2019 ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ, IANS ਦੀ ਰਿਪੋਰਟ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਦੇ ਮੁਲਾਂਕਣ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਸਈਦ ਨੂੰ ਲਾਹੌਰ ਦੇ ਮੁਹੱਲਾ ਜੌਹਰ ਇਲਾਕੇ ਵਿੱਚ ਇੱਕ ਸਖ਼ਤ ਸੁਰੱਖਿਆ ਵਾਲੇ ਸੇਫ ਹਾਊਸ ਵਿੱਚ ਰੱਖਿਆ ਗਿਆ ਹੈ। ਖ਼ਤਰਾ ਵਧਣ ਦੀ ਸਥਿਤੀ ਵਿੱਚ ਉਸ ਨੂੰ ਕਥਿਤ ਤੌਰ 'ਤੇ ਲਾਹੌਰ ਦੇ ਮੀਆਂ ਮੀਰ ਕੈਂਟੋਨਮੈਂਟ ਖੇਤਰ ਵਿੱਚ ਸਥਿਤ ਕਿਸੇ ਹੋਰ ਸੁਰੱਖਿਅਤ ਠਿਕਾਣੇ 'ਤੇ ਲਿਜਾਇਆ ਜਾਂਦਾ ਹੈ।
ਰਿਪੋਰਟਾਂ ਮੁਤਾਬਕ ਹਾਫਿਜ਼ ਸਈਦ ਦੀ ਸੁਰੱਖਿਆ ਅਜਿਹੇ ਸਮੇਂ ਵਧਾਈ ਗਈ ਹੈ ਜਦੋਂ ਲਸ਼ਕਰ-ਏ-ਤੋਇਬਾ ਵੱਲੋਂ ਆਪਣੇ ਨੈੱਟਵਰਕ ਨੂੰ ਮੁੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਆਪਰੇਸ਼ਨ ਸਿੰਦੂਰ ਦੌਰਾਨ ਲਸ਼ਕਰ ਦੇ ਅਹਿਮ ਟਿਕਾਣਿਆਂ ਵਿੱਚ ਸ਼ਾਮਲ ਮੁਰੀਦਕੇ ਸਥਿਤ ਟ੍ਰੇਨਿੰਗ ਸੈਂਟਰ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਸੰਗਠਨ ਨਾਲ ਜੁੜੀਆਂ ਮੀਟਿੰਗਾਂ ਅਤੇ ਟ੍ਰੇਨਿੰਗ ਗਤੀਵਿਧੀਆਂ ਮੁੜ ਸ਼ੁਰੂ ਹੋਣ ਦੇ ਦਾਅਵੇ ਕੀਤੇ ਗਏ ਹਨ।