Courtesy: pinterest
ਨਵੀਂ ਦਿੱਲੀ: ਇਸ ਤਿਉਹਾਰੀ ਸੀਜਨ ਤੋਂ ਪਹਿਲਾ ਹੀ ਚੀਨੀ ਮਹਿੰਗੀ ਹੋ ਗਈ ਹੈ। ਕਰੀਬ 2 ਹਫ਼ਤੇ ਪਹਿਲਾਂ 45 ਰੁਪਏ ਕਿਲੋ ਤੱਕ ਵਿਕਣ ਵਾਲੀ ਖੰਡ ਹੁਣ 65 ਰੁਪਏ 'ਤੇ ਵਿਕ ਰਹੀ ਹੈ। ਇਸ ਵਾਧੇ ਨੇ ਤਿਉਹਾਰਾਂ ਦੀ ਮਿਠਾਸ ਨੂੰ ਨਜ਼ਰ ਲਾ ਦਿੱਤੀ ਹੈ। ਕਿਉਂਕਿ ਤਿਉਹਾਰਾਂ ਦਾ ਸੰਬੰਧ ਮਿਠਾਸ ਅਤੇ ਮਿਠਾਈ ਨਾਲ ਹੁੰਦਾ ਹੈ। ਕੋਈ ਵੀ ਤਿਉਹਾਰ ਮਿਠਾਈ ਤੋਂ ਬਿਨਾ ਫਿਕਾ ਲੱਗਦਾ ਹੈ। ਹੁਣ ਜੇਕਰ ਖੰਡ ਮਹਿੰਗੀ ਹੋ ਗਈ ਤਾਂ ਮਿਠਾਈ ਆਪਣੇ-ਆਪ ਮਹਿੰਗੀ ਹੋ ਜਾਵੇਗੀ ਅਤੇ ਇਸਦਾ ਸਿੱਧਾ ਅਸਰ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਇਸ ਖੰਡ ਦੇ ਮਹਿੰਗੀ ਹੋਣ ਪਿੱਛੇ ਕੀ ਕਾਰਨ ਹੈ। ਕੀ ਇਸਦੇ ਲਈ ਮਹਿੰਗੀ ਹੋਣ ਪਿੱਛੇ E20 ਪੈਟਰੋਲ ਜਿੰਮੇਵਾਰ ਹੈ?
ਸਰਕਾਰ ਮੁਤਾਬਕ ਪਿਛਲੇ ਇੱਕ ਮਹੀਨੇ ਵਿੱਚ ਖੰਡ ਦੀ ਕੀਮਤ ਵਿੱਚ ਲਗਭਗ 8 ਰੁਪਏ ਦਾ ਵਾਧਾ ਹੋਇਆ ਹੈ। 20 ਜੁਲਾਈ ਨੂੰ ਖੰਡ ਦੀ ਕੀਮਤ ਕਰੀਬ 48 ਰੁਪਏ ਪ੍ਰਤੀ ਕਿਲੋ ਸੀ, ਜੋ 20 ਅਗਸਤ ਤੱਕ ਵਧ ਕੇ ਲਗਭਗ 56 ਰੁਪਏ ਹੋ ਗਈ। ਇਸ ਤਰ੍ਹਾਂ ਕੀਮਤ ਵਿੱਚ 15 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ।
ਖੰਡ ਦੀ ਮਹਿੰਗਾਈ ਲੋਕਾਂ ਦੀ ਜੇਬ 'ਚ ਸਿੱਧਾ ਅਸਰ ਪਾ ਰਹੀ ਹੈ ਅਤੇ ਲੋਕਾਂ ਦੇ ਮੂੰਹ ਨੂੰ ਕੜਵਾ ਕਰ ਰਹੀ ਹੈ। ਇਸ ਵਿਚਾਲੇ ਵਿਪੱਖ ਦੋਸ਼ ਲਗਾ ਰਿਹਾ ਹੈ ਕਿ ਖੰਡ ਦੀ ਕੀਮਤ ਵਧਾਉਣ ਪਿੱਛੇ ਸਰਕਾਰ ਦੀ ਨੀਤੀ ਜ਼ਿੰਮੇਵਾਰ ਹੈ। ਵਿਪੱਖ ਦਾ ਦੋਸ਼ ਹੈ ਕਿ ਜਿਸ ਗੰਨੇ ਦੀ ਵਰਤੋਂ ਖੰਡ ਦਾ ਉਤਪਾਦਨ ਵਧਾਉਣ ਲਈ ਹੋਣਾ ਚਾਹੀਦਾ ਸੀ, ਉਸਦੀ ਵਰਤੋਂ ਹੁਣ ਈਥਾਨੋਲ ਲਈ ਕੀਤੀ ਜਾ ਰਹੀ ਹੈ। ਇਸ ਕਰਕੇ ਦੇਸ਼ 'ਚ ਖੰਡ ਦਾ ਉਤਪਾਦਨ ਘੱਟ ਹੋਇਆ ਹੈ ਅਤੇ ਕੀਮਤਾਂ ਵਿੱਚ ਇੰਨਾ ਵਾਧਾ ਹੋਇਆ ਹੈ।
ਕੀ ਖੰਡ ਦੇ ਭਾਅ ਵੱਧਣ ਪਿੱਛੇ ਈਥਾਨੋਲ ਜ਼ਿੰਮੇਵਾਰ ਹੈ ਜਾਂ ਇਸਦੇ ਪਿੱਛੇ ਕੋਈ ਹੋਰ ਦੂਜੇ ਕਾਰਣ ਜ਼ਿੰਮੇਵਾਰ ਹਨ?ਅੱਗੇ ਖੰਡ ਦੀਆਂ ਕੀਮਤਾਂ ਦਾ ਕੀ ਹੋਵੇਗਾ ਅਤੇ ਸਰਕਾਰ ਇਸਨੂੰ ਕੰਟਰੋਲ ਕਰਨ ਲਈ ਕੀ ਕਰ ਰਹੀ ਹੈ? ਪਰ ਅਸਲ ਤਸਵੀਰ ਇਸ ਤੋਂ ਕੁਝ ਵੱਖਰੀ ਹੈ। ਖੰਡ ਦੀ ਪੈਦਾਵਾਰ 'ਤੇ ਮੌਸਮ, ਫਸਲ ਦੀਆਂ ਬਿਮਾਰੀਆਂ ਅਤੇ ਗੰਨੇ ਦੀ ਉਪਲਬਧਤਾ ਵਰਗੇ ਕਈ ਕਾਰਕਾਂ ਦਾ ਅਸਰ ਪਿਆ ਹੈ।
ਭਾਰਤ ਵਿੱਚ ਹਰ ਸਾਲ ਲਗਭਗ 280 ਲੱਖ ਟਨ ਖੰਡ ਦੀ ਖਪਤ ਹੁੰਦੀ ਹੈ। ISMA ਦੇ ਅੰਕੜਿਆਂ ਮੁਤਾਬਕ 2022-23 ਵਿੱਚ ਦੇਸ਼ ਵਿੱਚ ਕਰੀਬ 328 ਲੱਖ ਟਨ ਖੰਡ ਪੈਦਾ ਹੋਈ ਸੀ। 2023-24 ਵਿੱਚ ਉਤਪਾਦਨ ਲਗਭਗ 320 ਲੱਖ ਟਨ ਰਿਹਾ। ਇਸ ਤੋਂ ਬਾਅਦ 2024-25 ਵਿੱਚ ਪੈਦਾਵਾਰ ਘਟ ਕੇ ਕਰੀਬ 261 ਲੱਖ ਟਨ ਰਹਿ ਗਈ। ਹੁਣ 2025-26 ਵਿੱਚ ਖੰਡ ਦਾ ਉਤਪਾਦਨ ਲਗਭਗ 293 ਲੱਖ ਟਨ ਰਹਿਣ ਦਾ ਅਨੁਮਾਨ ਹੈ।
ਪਿਛਲੇ ਸੀਜ਼ਨ ਵਿੱਚ ਖੰਡ ਦਾ ਉਤਪਾਦਨ ਦੇਸ਼ ਦੀ ਸਾਲਾਨਾ ਖਪਤ ਤੋਂ ਘੱਟ ਰਿਹਾ। ਅਕਤੂਬਰ 2023 ਵਿੱਚ ਖੰਡ ਦਾ ਓਪਨਿੰਗ ਸਟਾਕ ਲਗਭਗ 56 ਲੱਖ ਟਨ ਸੀ, ਜੋ 2024 ਵਿੱਚ ਵਧ ਕੇ 85 ਲੱਖ ਟਨ ਹੋ ਗਿਆ। ਪਰ 2025 ਵਿੱਚ ਇਹ ਘਟ ਕੇ ਕਰੀਬ 50 ਲੱਖ ਟਨ ਰਹਿ ਗਿਆ। ਇਸ ਵਾਰ ਓਪਨਿੰਗ ਸਟਾਕ 30 ਤੋਂ 40 ਲੱਖ ਟਨ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਇਸਦੇ ਉਤਪਾਦਨ ਵਿੱਚ ਕਮੀ ਦੇ ਨਾਲ ਸਟਾਕ ਘਟਣ ਕਾਰਨ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕੀਮਤਾਂ 'ਤੇ ਦਬਾਅ ਵੱਧ ਰਿਹਾ ਹੈ।
ਸਰਕਾਰ ਨੇ ਐਥੇਨੌਲ ਕਾਰਨ ਖੰਡ ਦੀ ਕਮੀ ਹੋਣ ਸਬੰਧੀ ਦੋਸ਼ਾਂ ਨੂੰ ਰੱਦ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਈਥਾਨੌਲ ਲਈ ਗੰਨੇ ਦੀ ਵਰਤੋਂ ਦਾ ਹਿੱਸਾ ਘਟਿਆ ਹੈ। 2022-23 ਵਿੱਚ ਇਹ ਹਿੱਸਾ ਲਗਭਗ 12 ਫੀਸਦੀ ਸੀ, ਜੋ 2025-26 ਵਿੱਚ ਘਟ ਕੇ ਕਰੀਬ 9 ਫੀਸਦੀ ਰਹਿ ਗਿਆ। ਸਰਕਾਰ ਮੁਤਾਬਕ ਦੇਸ਼ ਵਿੱਚ ਲਗਭਗ ਤਿੰਨ-ਚੌਥਾਈ ਐਥੇਨੌਲ ਦਾ ਉਤਪਾਦਨ ਅਨਾਜ, ਖਾਸ ਕਰਕੇ ਮੱਕੀ ਤੋਂ ਹੁੰਦਾ ਹੈ।
ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਨੇ 31 ਅਕਤੂਬਰ ਤੱਕ 10 ਲੱਖ ਟਨ ਡਿਊਟੀ-ਫ੍ਰੀ ਖੰਡ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਹੈ। ਇਸ ਦਾ ਮਕਸਦ ਘਰੇਲੂ ਬਾਜ਼ਾਰ ਵਿੱਚ ਸਪਲਾਈ ਵਧਾ ਕੇ ਕੀਮਤਾਂ 'ਤੇ ਦਬਾਅ ਘਟਾਉਣਾ ਹੈ। ਆਮ ਤੌਰ 'ਤੇ ਖੰਡ ਦੀ ਆਯਾਤ 'ਤੇ 100 ਫੀਸਦੀ ਤੱਕ ਡਿਊਟੀ ਲਾਗੂ ਹੁੰਦੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਅਤੇ ਨਵੇਂ ਸਟਾਕ ਦੇ ਆਉਣ ਤੋਂ ਪਹਿਲਾਂ ਘਰੇਲੂ ਬਾਜ਼ਾਰਾਂ 'ਚ ਸਥਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਇੱਕ ਦਹਾਕੇ ਬਾਅਦ ਖੰਡ ਆਯਾਤ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਯਾਤ ਡਿਊਟੀਆਂ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾ ਸਕਦਾ ਹੈ, ਜਿਸ ਨਾਲ ਖਪਤਕਾਰਾਂ ਨੂੰ ਸਬਸਿਡੀ ਵਾਲੀਆਂ ਦਰਾਂ 'ਤੇ ਖੰਡ ਉਪਲਬਧ ਹੋ ਸਕੇਗੀ।