Courtesy: @ANI
ਨਵੀਂ ਦਿੱਲੀ: ਨੇਪਾਲ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦਾ ਮੁੱਦਾ ਇੱਕ ਵਾਰ ਫਿਰ ਤੂਲ ਫੜ੍ਹਦਾ ਦਿਖਾਈ ਦੇ ਰਿਹਾ ਹੈ। ਹਾਲ ਹੀ 'ਚ ਇਸ ਮੁੱਦੇ ਨੂੰ ਅੰਦੋਲਨ ਵਿਚਾਲੇ ਲੈ ਕੇ ਨੇਪਾਲ ਦੇ ਸਾਬਕਾ ਪ੍ਰਧਾਨਮੰਤਰੀ ਅਤੇ ਨੇਪਾਲੀ ਕਾਂਗਰਸ ਨੇਤਾ ਸ਼ੇਰ ਬਹਾਦੁਰ ਦੇਉਬਾ ਨੇ ਸਨਾਤਨ ਧਰਮ ਨੂੰ ਰਾਸ਼ਟਰੀ ਪਹਿਚਾਣ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਨੇਪਾਲ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮੰਗ ਨੂੰ ਹੋਰ ਮਜ਼ਬੂਤੀ ਮਿਲੀ ਹੈ। ਦੇਉਬਾ ਦੀ ਅਗਵਾਈ ਵਾਲੇ ਐਨਸੀ ਧੜੇ ਦੇ 14ਵੇਂ ਰਾਸ਼ਟਰੀ ਸੰਮੇਲਨ ਦੌਰਾਨ ਇਸ ਨੂੰ ਦੇਸ਼ ਦੀ ਰਾਸ਼ਟਰੀ ਪਛਾਣ ਵਜੋਂ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ, ਜਿੱਥੇ "ਮੈਂ ਹਿੰਦੂ ਹਾਂ" ਦੇ ਨਾਅਰੇ ਲਗਾਏ ਗਏ।
ਸ਼ੇਰ ਬਹਾਦੁਰ ਦੇਉਬਾ ਨੇ ਕਿਹਾ ਕਿ ਸਨਾਤਨ ਧਰਮ ਨੂੰ ਨੇਪਾਲ ਦੀ ਪਛਾਣ ਬਣਾਇਆ ਜਾਵੇ। ਉਨ੍ਹਾਂ ਦੇ ਇਸ ਬਿਆਨ ਨਾਲ ਰਾਜਨੀਤਿਕ ਮਾਹੌਲ ਗਰਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ। ਸਾਡਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਹੈ, ਪਰ ਮੈਂ ਬਸ ਮਾਣ ਨਾਲ ਕਹਿਣ ਦਾ ਅਧਿਕਾਰ ਰੱਖਦਾ ਹਾਂ ਕਿ ਮੈਂ ਹਿੰਦੂ ਹਾਂ।
ਨੇਪਾਲ ਨੂੰ ਮੁੜ ਹਿੰਦੂ ਘੋਸ਼ਿਤ ਕਰਨ ਦੀ ਮੰਗ ਹੁਣ ਇੱਕ ਵਾਰ ਫਿਰ ਸਿਆਸੀ ਅਤੇ ਸੰਵਿਧਾਨਕ ਚਰਚਾ ਦਾ ਹਿੱਸਾ ਬਣਦੀ ਨਜ਼ਰ ਆ ਰਹੀ ਹੈ। ਹਿੰਦੂ-ਸਮਰਥਕ ਸੰਗਠਨਾਂ ਨੇ ਇਸ ਮੰਗ ਨੂੰ ਅੱਗੇ ਵਧਾਉਣ ਲਈ ਸੰਵਿਧਾਨ ਵਿੱਚ ਸੋਧ ਨੂੰ ਇੱਕ ਸੰਭਾਵਿਤ ਰਸਤੇ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਨੇਪਾਲ ਸਰਕਾਰ ਵੱਲੋਂ ਵੀ ਸੰਵਿਧਾਨ ਦੇ ਵੱਖ-ਵੱਖ ਪ੍ਰਬੰਧਾਂ ਵਿੱਚ ਤਬਦੀਲੀਆਂ ਸਬੰਧੀ ਸੁਝਾਅ ਇਕੱਠੇ ਕੀਤੇ ਜਾ ਰਹੇ ਹਨ।
ਹਿੰਦੂ ਰਾਸ਼ਟਰ ਦੀ ਮੰਗ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ, ਨੇਪਾਲ ਨੇ ਸਰਕਾਰ ਦੇ ਸਾਹਮਣੇ ਲਿਖਤੀ ਪ੍ਰਸਤਾਵ ਰੱਖਿਆ ਹੈ ਅਤੇ ਸੰਵਿਧਾਨ ਦੇ ਅਨੁਛੇਦ 4 ਵਿੱਚੋਂ ‘ਧਰਮਨਿਰਪੱਖ’ ਸ਼ਬਦ ਹਟਾਉਣ ਦੀ ਮੰਗ ਕੀਤੀ ਹੈ। ਸੰਗਠਨ ਦਾ ਤਰਕ ਹੈ ਕਿ ਨੇਪਾਲ ਦੀ ਇਤਿਹਾਸਕ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਨੂੰ ਸਨਾਤਨ ਧਰਮ 'ਤੇ ਆਧਾਰਿਤ ਹਿੰਦੂ ਰਾਸ਼ਟਰ ਵਜੋਂ ਮੁੜ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੰਗ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੰਵਿਧਾਨ ਵਿੱਚ ਸੋਧ ਦੇ ਮੌਜੂਦਾ ਯਤਨਾਂ ਦੌਰਾਨ ਇਸ ਮੁੱਦੇ 'ਤੇ ਵੀ ਗੰਭੀਰ ਚਰਚਾ ਹੋਣੀ ਚਾਹੀਦੀ ਹੈ।
ਨੇਪਾਲ ਦੀ ਰਾਸ਼ਟਰੀ ਪ੍ਰਜਾਤੰਤਰ ਪਾਰਟੀ (RPP) ਵੀ ਸੰਵਿਧਾਨ ਵਿੱਚ ਵਿਆਪਕ ਸੋਧ ਦੀ ਪ੍ਰਕਿਰਿਆ ਦੌਰਾਨ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮੁੱਦੇ ਨੂੰ ਚਰਚਾ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। RPP ਦੇ ਪ੍ਰਧਾਨ ਰਾਜੇਂਦਰ ਪ੍ਰਸਾਦ ਲਿੰਡੇਨ ਦੀ ਅਗਵਾਈ ਵਿੱਚ ਪਾਰਟੀ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਿਆ ਹੈ।
ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਸਰਕਾਰ ਸਾਹਮਣੇ ਸੰਵਿਧਾਨ ਵਿੱਚ ਸੋਧ ਨੂੰ ਲੈ ਕੇ ਇੱਕ ਵੱਡੀ ਪ੍ਰਕਿਰਿਆ ਚੱਲ ਰਹੀ ਹੈ। ਰਿਪੋਰਟ ਮੁਤਾਬਕ ਸੰਵਿਧਾਨ ਦੇ ਕੁੱਲ 308 ਅਨੁਛੇਦਾਂ ਵਿੱਚੋਂ 245 ਵਿੱਚ ਤਬਦੀਲੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸੇ ਸੰਵਿਧਾਨਕ ਸਮੀਖਿਆ ਨੂੰ ਹਿੰਦੂ ਰਾਸ਼ਟਰ ਦੇ ਸਮਰਥਕ ਸੰਗਠਨ ਆਪਣੀ ਮੰਗ ਨੂੰ ਮੁੱਖ ਧਾਰਾ ਦੀ ਸੰਵਿਧਾਨਕ ਬਹਿਸ ਵਿੱਚ ਲਿਆਉਣ ਦੇ ਮੌਕੇ ਵਜੋਂ ਦੇਖ ਰਹੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਸੰਵਿਧਾਨ ਦੇ ਇੰਨੇ ਵੱਡੇ ਹਿੱਸੇ ਵਿੱਚ ਤਬਦੀਲੀ 'ਤੇ ਵਿਚਾਰ ਹੋ ਰਿਹਾ ਹੈ ਤਾਂ ਨੇਪਾਲ ਦੀ ਧਾਰਮਿਕ ਪਹਿਚਾਣ ਅਤੇ ਭਵਿੱਖ ਦੇ ਰਾਜ ਮਾਡਲ ਬਾਰੇ ਵੀ ਸੰਸਦ ਵਿੱਚ ਚਰਚਾ ਹੋਣੀ ਚਾਹੀਦੀ ਹੈ।