menu-icon
Punjabi Story Line
  • Home
  • News
  • International
  • ਟਰੰਪ ਦੀ ਚੇਤਾਵਨੀ ਮਗਰੋਂ ਈਰਾਨ ਦੇ ਚਾਬਹਾਰ ਬੰਦਰਗਾਹ 'ਤੇ ਹਮਲਾ, ਖੇਤਰ 'ਚ ਤਣਾਅ ਹੋਰ ਵਧਿਆ

ਟਰੰਪ ਦੀ ਚੇਤਾਵਨੀ ਮਗਰੋਂ ਈਰਾਨ ਦੇ ਚਾਬਹਾਰ ਬੰਦਰਗਾਹ 'ਤੇ ਹਮਲਾ, ਖੇਤਰ 'ਚ ਤਣਾਅ ਹੋਰ ਵਧਿਆ

ਵੀਰਵਾਰ ਨੂੰ ਅਮਰੀਕੀ ਫੌਜ ਨੇ ਈਰਾਨ ਦੇ ਦੱਖਣ-ਪੂਰਬੀ ਸ਼ਹਿਰ ਚਾਬਹਾਰ ਵਿੱਚ ਸਥਿਤ ਅਹਿਮ ਬੰਦਰਗਾਹ ਅਤੇ ਇਸ ਨਾਲ ਜੁੜੇ ਕੁਝ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੇਤਾਵਨੀ ਤੋਂ ਬਾਅਦ ਹੋਈ ਹੈ।

Date Updated Last Updated : 09 July 2026, 10:27 AM IST
Share:

ਈਰਾਨ: ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਦੇ ਦਰਮਿਆਨ ਈਰਾਨ ਦੇ ਮਹੱਤਵਪੂਰਨ ਚਾਬਹਾਰ ਬੰਦਰਗਾਹ ਨੂੰ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਆਪਣੇ ਰਵੱਈਏ ਵਿੱਚ ਬਦਲਾਅ ਨਹੀਂ ਕਰਦਾ ਤਾਂ ਅਮਰੀਕੀ ਕਾਰਵਾਈ ਹੋਰ ਵੀ ਸਖ਼ਤ ਹੋਵੇਗੀ। ਇਸ ਹਮਲੇ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਾਵਾਂ ਹੋਰ ਗਹਿਰੀਆਂ ਹੋ ਗਈਆਂ ਹਨ।

 

ਚਾਬਹਾਰ ਵਿੱਚ ਲਗਾਤਾਰ ਧਮਾਕੇ, ਕਈ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ

ਸਥਾਨਕ ਰਿਪੋਰਟਾਂ ਮੁਤਾਬਕ ਚਾਬਹਾਰ ਸ਼ਹਿਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਧਮਾਕਿਆਂ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ। ਐਮਰਜੈਂਸੀ ਅਤੇ ਰਾਹਤ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਕਾਰਵਾਈ ਸ਼ੁਰੂ ਕੀਤੀ।

ਇਹ ਅਪ੍ਰੈਲ ਵਿੱਚ ਐਲਾਨੀ ਗਈ ਜੰਗਬੰਦੀ ਤੋਂ ਬਾਅਦ ਚਾਬਹਾਰ ਬੰਦਰਗਾਹ 'ਤੇ ਹੋਇਆ ਪਹਿਲਾ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।

ਅਮਰੀਕਾ ਨੇ ਸਮੁੰਦਰੀ ਢਾਂਚਿਆਂ ਅਤੇ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਅਮਰੀਕੀ ਫੌਜ ਦੇ ਅਨੁਸਾਰ ਇਸ ਕਾਰਵਾਈ ਦਾ ਉਦੇਸ਼ ਉਹ ਸਮੁੰਦਰੀ ਅਤੇ ਫੌਜੀ ਢਾਂਚੇ ਨਿਸ਼ਾਨਾ ਬਣਾਉਣਾ ਸੀ, ਜਿਨ੍ਹਾਂ ਰਾਹੀਂ ਈਰਾਨ ਹੋਰਮੁਜ਼ ਜਲਡਮਰੂਮੱਧ ਵਿੱਚ ਵਪਾਰਕ ਜਹਾਜ਼ਾਂ ਲਈ ਖ਼ਤਰਾ ਪੈਦਾ ਕਰ ਸਕਦਾ ਸੀ।

ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਫੌਜ ਵੱਲੋਂ ਹੋਰ ਵਾਧੂ ਹਮਲੇ ਕੀਤੇ ਜਾ ਰਹੇ ਹਨ ਤਾਂ ਜੋ ਈਰਾਨ ਦੀ ਸਮੁੰਦਰੀ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕੀਤਾ ਜਾ ਸਕੇ।

ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਨੇ ਹਾਲੀਆ ਦਿਨਾਂ ਵਿੱਚ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਹਨ, ਜਿਸ ਲਈ ਉਸ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ।

ਬੰਦਰਗਾਹ ਦੀਆਂ ਨਾਗਰਿਕ ਸਹੂਲਤਾਂ ਨੂੰ ਨੁਕਸਾਨ ਤੋਂ ਬਚਾਉਣ ਦਾ ਦਾਅਵਾ

ਸ਼ੁਰੂਆਤੀ ਜਾਣਕਾਰੀ ਮੁਤਾਬਕ ਹਮਲੇ ਦੌਰਾਨ ਬੰਦਰਗਾਹ ਦੇ ਪੀਅਰ, ਸਮੁੰਦਰੀ ਆਵਾਜਾਈ ਨਿਯੰਤਰਣ ਟਾਵਰ ਅਤੇ ਨੇੜਲੇ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਾਗਰਿਕ ਵਰਤੋਂ ਵਾਲੀਆਂ ਬੰਦਰਗਾਹ ਸਹੂਲਤਾਂ ਅਤੇ ਊਰਜਾ ਨਾਲ ਸੰਬੰਧਿਤ ਢਾਂਚਿਆਂ ਨੂੰ ਜਾਣਬੁੱਝ ਕੇ ਨੁਕਸਾਨ ਤੋਂ ਬਚਾਇਆ ਗਿਆ।

ਹੋਰਮੁਜ਼ ਵਿੱਚ ਜਹਾਜ਼ਾਂ 'ਤੇ ਹਮਲੇ ਤੋਂ ਬਾਅਦ ਵਧਿਆ ਵਿਵਾਦ

ਇਹ ਤਾਜ਼ਾ ਕਾਰਵਾਈ ਉਸ ਘਟਨਾ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਮੰਗਲਵਾਰ ਨੂੰ ਹੋਰਮੁਜ਼ ਜਲਡਮਰੂਮੱਧ ਰਾਹੀਂ ਲੰਘ ਰਹੇ ਤਿੰਨ ਵਪਾਰਕ ਕਾਰਗੋ ਜਹਾਜ਼ਾਂ 'ਤੇ ਹਮਲਾ ਹੋਇਆ ਸੀ। ਅਮਰੀਕਾ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਈਰਾਨ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਜਾਰੀ ਰੱਖਦਾ ਹੈ ਤਾਂ ਅਮਰੀਕੀ ਜਵਾਬ ਹੋਰ ਵੀ ਸਖ਼ਤ ਹੋਵੇਗਾ।

ਈਰਾਨ ਵੱਲੋਂ ਵੀ ਜਵਾਬੀ ਕਾਰਵਾਈ

ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਲਗਾਤਾਰ ਦੂਜੇ ਦਿਨ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ। ਰਿਪੋਰਟਾਂ ਅਨੁਸਾਰ ਈਰਾਨ ਨੇ ਕੁਵੈਤ ਅਤੇ ਬਹਿਰੀਨ ਵੱਲ ਮਿਸਾਈਲ ਅਤੇ ਡਰੋਨ ਹਮਲੇ ਕੀਤੇ, ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ।
 

Recent News