ਰਾਜਧਾਨੀ ਦੇ ਪੱਛਮੀ ਹਿੱਸੇ ‘ਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਨੇ ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਫਿਟਨੈਸ ਸੈਂਟਰ ਦੇ ਬਾਹਰ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਮਲੇ ਤੋਂ ਬਾਅਦ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਜ਼ਿੰਮੇਵਾਰੀ ਦਾ ਐਲਾਨ ਕਰਦਿਆਂ ਇਸਨੂੰ ਗਾਇਕ ਨੂੰ ਸਖ਼ਤ ਚੇਤਾਵਨੀ ਦੱਸਿਆ।
ਸਥਾਨਕ ਪੁਲਿਸ ਅਨੁਸਾਰ, ਸਵੇਰੇ ਕਰੀਬ 7:30 ਵਜੇ ਦੋ ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੁਸ਼ਕਰ ਐਨਕਲੇਵ ਸਥਿਤ ‘24HS ਫਿਟਨੈੱਸ’ ਜਿੰਮ ਪੁੱਜੇ। ਉਨ੍ਹਾਂ ਦੇ ਚਿਹਰੇ ਕੱਪੜਿਆਂ ਨਾਲ ਢੱਕੇ ਹੋਏ ਸਨ। ਉਨ੍ਹਾਂ ਜਿੰਮ ਦੇ ਸ਼ੀਸ਼ੇ ਦੇ ਦਰਵਾਜ਼ੇ ਵੱਲ ਕਈ ਰੌਂਦ ਲਗਾਤਾਰ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਵਾਰਦਾਤ ਦੌਰਾਨ ਜਿੰਮ ‘ਚ ਮੌਜੂਦ ਲੋਕ ਕਸਰਤ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਭਗਦੜ ਮੱਚ ਗਈ, ਪਰ ਚਮਤਕਾਰੀ ਢੰਗ ਨਾਲ ਕੋਈ ਜ਼ਖ਼ਮੀ ਨਹੀਂ ਹੋਇਆ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸਹਿਯੋਗੀ ਅਨਿਲ ਪੰਡਿਤ ਨੇ ਪੋਸਟ ਕਰਦਿਆਂ ਕਿਹਾ ਕਿ ਇਹ ਹਮਲਾ ਗਾਇਕ ਗੁਰੂ ਰੰਧਾਵਾ ਨੂੰ ਚੇਤਾਵਨੀ ਦੇਣ ਲਈ ਕੀਤਾ ਗਿਆ ਹੈ। ਉਸ ਦਾਅਵਾ ਕੀਤਾ ਕਿ ਅੱਗੇ ਵੀ ਅਜਿਹੇ ਕਦਮ ਚੁੱਕੇ ਜਾ ਸਕਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਨ੍ਹਾਂ ਪੋਸਟਾਂ ਦੀ ਕਾਨੂੰਨੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੇ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਦੀ ਆਊਟਰ ਜ਼ੋਨ ਦੀ ਉੱਚ ਅਧਿਕਾਰੀ ਟੀਮ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਮਾਹਿਰਾਂ ਨੇ ਗੋਲੀਆਂ ਦੇ ਖੋਲ ਅਤੇ ਸ਼ੀਸ਼ੇ ਦੇ ਟੁਕੜੇ ਇਕੱਠੇ ਕੀਤੇ। ਡੀਸੀਪੀ ਹਰੇਸ਼ਵਰ ਸਵਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਨੂੰ ਘੇਰਾ ਪਾ ਕੇ ਸਰਚ ਆਪ੍ਰੇਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਪਛਾਣ ਲਈ ਜਿੰਮ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਪੂਰੇ ਪੱਛਮੀ ਵਿਹਾਰ ਇਲਾਕੇ ਨੂੰ ਸੰਵੇਦਨਸ਼ੀਲ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਤੇਜ਼ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ।