ਹੋਰਮੁਜ਼ ਪਣਜੋੜ ਨੂੰ ਲੈ ਕੇ ਪੈਦਾ ਹੋਏ ਸੰਕਟ ਦੇ ਵਿੱਚਾਲੇ ਫਰਾਂਸ ਨੇ ਵੱਡਾ ਕੂਟਨੀਤਕ ਦਾਅ ਖੇਡਿਆ ਹੈ। ਭਾਰਤ ਨੂੰ ਇੱਕ ਵਾਰ ਫਿਰ ਉਸ ਸਮੇਂ ਵਿਸ਼ੇਸ਼ ਤਰਜੀਹ ਦਿੱਤੀ ਗਈ, ਜਦੋਂ G7 ਦੇਸ਼ਾਂ ਦੀ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ। ਫਰਾਂਸ ਦਾ ਕਹਿਣਾ ਹੈ ਕਿ ਉਹ ਹਰ ਮੁੱਦੇ ‘ਤੇ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਮੰਨਦਾ ਹੈ।
ਈਰਾਨ ਨਾਲ ਗੱਲਬਾਤ ਨੂੰ ਲੈ ਕੇ ਅਤੇ ਹੋਰਮੁਜ਼ ਪਣਜੋੜ ਨੂੰ ਮੁੜ ਖੋਲ੍ਹਣ ਦੀ ਕੋਸ਼ਿਸ਼ ਤਹਿਤ ਫਰਾਂਸ ਨੇ ਮਿਸਰ, ਕਤਰ, ਯੂਏਈ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। 16 ਜੂਨ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਅਮਰੀਕਾ ਅਤੇ ਭਾਰਤ ਦੀ ਵੀ ਹਾਜ਼ਰੀ ਯਕੀਨੀ ਬਣਾਈ ਗਈ ਹੈ। ਫਰਾਂਸ ਦਾ ਮੰਨਣਾ ਹੈ ਕਿ ਭਾਰਤ ‘ਤੇ ਭਰੋਸਾ ਕੀਤਾ ਜਾ ਸਕਦਾ ਹੈ, ਇਸ ਲਈ ਹਰੇਕ ਅੰਤਰਰਾਸ਼ਟਰੀ ਮੰਚ ‘ਤੇ ਉਹ ਭਾਰਤ ਨੂੰ ਆਪਣਾ ਸਾਥੀ ਬਣਾਉਂਦਾ ਹੈ। ਇਸ ਪਿੱਛੇ ਦੋਵਾਂ ਦੇਸ਼ਾਂ ਵਿਚਕਾਰ ਡੂੰਘਾ ਆਪਸੀ ਭਰੋਸਾ ਅਤੇ ਸਾਂਝੇ ਹਿੱਤ ਕੰਮ ਕਰਦੇ ਹਨ।
ਇਹ ਮਹੱਤਵਪੂਰਨ ਸੰਮੇਲਨ 15 ਤੋਂ 17 ਜੂਨ ਤੱਕ ਫਰਾਂਸ ਦੇ ਸ਼ਹਿਰ ਏਵੀਅਨ-ਲੇਸ-ਬੈਂਸ ਵਿੱਚ, ਜੇਨੇਵਾ ਝੀਲ ਦੇ ਕੰਢੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੰਚ ‘ਤੇ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਨੇਤਾ ਇਕੱਠੇ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਉੱਚ-ਪੱਧਰੀ ਵਫ਼ਦ ਇਸ ਵਿੱਚ ਸ਼ਿਰਕਤ ਕਰਨਗੇ। ਖ਼ਾਸ ਗੱਲ ਇਹ ਹੈ ਕਿ ਆਮ ਤੌਰ ‘ਤੇ G7 ਪਲੱਸ ਮੀਟਿੰਗਾਂ ਵਿੱਚ ਸੱਦੇ ਗਏ ਦੇਸ਼ਾਂ ਨੂੰ ਆਖਰੀ ਦਿਨ ਹੀ ਸ਼ਾਮਲ ਕੀਤਾ ਜਾਂਦਾ ਹੈ, ਪਰ ਭਾਰਤ ਨੂੰ ਅਜਿਹਾ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ ਜੋ ਸੰਕੇਤ ਕਰਦਾ ਹੈ ਕਿ ਫਰਾਂਸ ਭਾਰਤ ਨੂੰ G7 ਦਾ ਅਗਲਾ ਸੰਭਾਵੀ ਮੈਂਬਰ ਮੰਨਦਾ ਹੈ। ਫਰਾਂਸ ਦਾ ਕਹਿਣਾ ਹੈ ਕਿ ਭਾਰਤ ਦੇ ਮੈਂਬਰ ਬਣਨ ਤੱਕ ਉਡੀਕਣ ਦੀ ਬਜਾਏ ਹੁਣ ਤੋਂ ਹੀ ਉਸ ਨੂੰ ਹਰ ਮਹੱਤਵਪੂਰਨ ਮੰਚ ‘ਤੇ ਸ਼ਾਮਲ ਕਰਨਾ ਜ਼ਰੂਰੀ ਹੈ।
ਦੋਵੇਂ ਦੇਸ਼ ਸਾਲ 2026 ਨੂੰ ‘ਇਨੋਵੇਸ਼ਨ ਈਅਰ’ ਵਜੋਂ ਮਨਾਉਣਗੇ। 2030 ਤੱਕ 30,000 ਭਾਰਤੀ ਵਿਦਿਆਰਥੀਆਂ ਨੂੰ ਫਰਾਂਸ ਵਿੱਚ ਪੜ੍ਹਨ ਦੇ ਮੌਕੇ ਅਤੇ ਵੀਜ਼ਾ ਸਹੂਲਤਾਂ ਦਿੱਤੀਆਂ ਜਾਣਗੀਆਂ। G7 ਸੰਮੇਲਨ ਦੀ ਸ਼ੁਰੂਆਤ 1975 ਵਿੱਚ ਫਰਾਂਸ ਦੀ ਅਗਵਾਈ ਹੇਠ ਹੋਈ ਸੀ। 2026 ਲਈ G7 ਦਾ ਕੇਂਦਰੀ ਏਜੰਡਾ ਸ਼ਾਂਤੀ ਅਤੇ ਆਰਥਿਕ ਸਹਿਯੋਗ ਹੈ। ਭਾਰਤ ਇਸ ਸਮੇਂ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ। G7 ਦੀਆਂ ਸਾਰੀਆਂ ਮੀਟਿੰਗਾਂ ਵਿੱਚ ਭਾਰਤ ਨੂੰ ਖ਼ਾਸ ਤੌਰ ‘ਤੇ ਸੱਦਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ ਦੇ ਨਿਯਮਾਂ ਵਾਲੇ ਸੈਸ਼ਨ ਅਤੇ ਮਾਈਕਰੋ ਇਕਨਾਮਿਕ ਅਸੰਤੁਲਨ ਵਿਸ਼ੇ ਤੋਂ ਇਲਾਵਾ ਹੋਰ ਕਈ ਮੁੱਦਿਆਂ ‘ਤੇ ਚਰਚਾ ਵਿੱਚ ਹਿੱਸਾ ਲੈਣਗੇ। ਸਿਹਤ ਦੇ ਮੁੱਦੇ ਨੂੰ ਪਹਿਲੀ ਵਾਰ G7 ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਸੁਰੱਖਿਆ, ਵਿੱਤੀ ਅਪਰਾਧ ਅਤੇ ਗੈਰ-ਕਾਨੂੰਨੀ ਪਰਵਾਸ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਮਿਡਲ ਈਸਟ ਦੇ ਮੌਜੂਦਾ ਹਾਲਾਤ ਅਤੇ ਰੂਸ-ਯੂਕ੍ਰੇਨ ਜੰਗ ਦੇ ਮੁੱਦੇ ‘ਤੇ G7 ਦੇਸ਼ਾਂ ਵਿੱਚ ਡੂੰਘੀ ਚਰਚਾ ਹੋਵੇਗੀ। ਭਾਰਤ ਇਨ੍ਹਾਂ ਲਗਭਗ ਸਾਰੇ ਵਿਸ਼ਿਆਂ ‘ਤੇ ਗੱਲਬਾਤ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। 14 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵਿਚਕਾਰ ਦੁਵੱਲੀ ਮੁਲਾਕਾਤ ਹੋਵੇਗੀ, ਜਿਸ ਤੋਂ ਬਾਅਦ ਦੋਵੇਂ ਨੇਤਾ ਲੰਚ ਵਿੱਚ ਵੀ ਇਕੱਠੇ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਫਰਾਂਸ ਅਤੇ ਸਲੋਵਾਕੀਆ ਦੇ ਸਾਂਝੇ ਪ੍ਰੋਗਰਾਮ ਦਾ ਹਿੱਸਾ ਹੈ। ਉਹ ਨੀਸ ਵਿੱਚ ਰਾਸ਼ਟਰਪਤੀ ਮੈਕਰੋਂ ਨਾਲ ਮੁਲਾਕਾਤ ਤੋਂ ਬਾਅਦ ਐਤਵਾਰ ਨੂੰ ਸਲੋਵਾਕੀਆ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਦੀ ਮੇਜ਼ਬਾਨੀ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਕਰਨਗੇ।