ਦੇਸ਼ ਭਰ ਵਿੱਚ ਰਾਜ ਸਭਾ ਚੋਣਾਂ ਨੂੰ ਲੈ ਕੇ ਜਾਰੀ ਸਿਆਸੀ ਹਲਚਲ ਵਿੱਚ ਇੱਕ ਅਹਿਮ ਮੋੜ ਆਇਆ ਹੈ। ਕੁੱਲ 26 ਸੀਟਾਂ ਵਿੱਚੋਂ 14 ਸੀਟਾਂ ਅਜਿਹੀਆਂ ਹਨ, ਜਿੱਥੇ ਸਿਰਫ਼ ਇੱਕ ਹੀ ਉਮੀਦਵਾਰ ਮੈਦਾਨ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ। ਇਸ ਸੂਚੀ ਵਿੱਚ ਭਾਜਪਾ ਅਤੇ ਕਾਂਗਰਸ ਦੇ ਕਈ ਵੱਡੇ ਨਾਂ ਸ਼ਾਮਲ ਹਨ।
ਇਨ੍ਹਾਂ ਜਿੱਤ ਪੱਕੀਆਂ ਕਰਨ ਵਾਲਿਆਂ ਵਿੱਚ ਭਾਜਪਾ ਦੇ 10 ਅਤੇ ਕਾਂਗਰਸ ਦੇ 4 ਸੰਸਦ ਚਿਹਰੇ ਸ਼ਾਮਲ ਹਨ। ਕਾਂਗਰਸ ਵੱਲੋਂ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਤੋਂ ਆਪਣੀ ਸੀਟ ਪੱਕੀ ਕਰ ਲਈ, ਜਦਕਿ ਪਾਰਟੀ ਦੇ ਮੀਡੀਆ ਮਾਮਲਿਆਂ ਦੇ ਮੁਖੀ ਪਵਨ ਖੇੜਾ ਵੀ ਬਿਨਾਂ ਟੱਕਰ ਚੋਣ ਜਿੱਤਣ ਵਾਲਿਆਂ ਵਿੱਚ ਸ਼ਾਮਲ ਹਨ। ਭਾਜਪਾ ਵੱਲੋਂ ਰਾਜਸਥਾਨ ਤੋਂ ਸਤੀਸ਼ ਪੂਨੀਆ ਅਤੇ ਅਲਕਾ ਗੁਰਜਰ ਦੀ ਜਿੱਤ ਪੱਕੀ ਹੋ ਗਈ ਹੈ। ਇਸੇ ਤਰ੍ਹਾਂ ਗੁਜਰਾਤ ਵਿੱਚ ਭਾਜਪਾ ਦੇ ਸਾਰੇ ਚਾਰੇ ਉਮੀਦਵਾਰਾਂ ਨੇ ਬਿਨਾ ਮੁਕਾਬਲਾ ਸਦਨ ਵਿੱਚ ਆਪਣੀ ਥਾਂ ਬਣਾ ਲਈ।
ਮੱਧ ਪ੍ਰਦੇਸ਼ ਵਿੱਚ ਭਾਜਪਾ ਦੇ ਰਜਨੀਸ਼ ਅਗਰਵਾਲ, ਤਰੁਣ ਚੁਘ ਅਤੇ ਮਹੇਸ਼ ਕੇਵਟ ਦੀ ਜਿੱਤ ਪੱਕੀ ਐਲਾਨ ਦਿੱਤੀ ਗਈ। ਹਾਲਾਂਕਿ, ਕਾਂਗਰਸ ਦੀ ਉਮੀਦਵਾਰ ਮੀਨਾਕਸ਼ੀ ਨਟਰਾਜਨ ਦਾ ਨਾਮਾਂਕਣ 9 ਜੂਨ ਨੂੰ ਰੱਦ ਹੋਣ ਕਾਰਨ ਸਿਆਸੀ ਖਿੱਚ-ਪੁੱਛ ਸ਼ੁਰੂ ਹੋ ਗਈ। ਕਾਂਗਰਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਪਰ ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ।
ਜਿੱਥੇ 14 ਸੀਟਾਂ ਦਾ ਫੈਸਲਾ ਹੋ ਗਿਆ, ਉੱਥੇ ਬਾਕੀ ਬਚੀਆਂ 12 ਸੀਟਾਂ ਲਈ 18 ਜੂਨ ਨੂੰ ਅਸਲ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ ਵਿੱਚ ਆਂਧਰਾ ਪ੍ਰਦੇਸ਼ (4), ਝਾਰਖੰਡ (2), ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ, ਮਿਜ਼ੋਰਮ, ਮਹਾਰਾਸ਼ਟਰ ਤੇ ਤਾਮਿਲਨਾਡੂ ਦੀਆਂ ਇੱਕ-ਇੱਕ ਸੀਟਾਂ ਸ਼ਾਮਲ ਹਨ।
245 ਮੈਂਬਰਾਂ ਵਾਲੀ ਰਾਜ ਸਭਾ ਵਿੱਚ ਐਨ.ਡੀ.ਏ. ਗੱਠਜੋੜ ਦੇ ਸੰਸਦਾਂ ਦੀ ਗਿਣਤੀ 147 ਹੈ, ਜਦੋਂ ਕਿ ਵਿਰੋਧੀ ਧਿਰ ਕੋਲ 67 ਅਤੇ ਹੋਰ ਖੇਤਰੀ ਪਾਰਟੀਆਂ ਕੋਲ 28 ਮੈਂਬਰ ਹਨ।
ਰਾਜ ਸਭਾ ਚੋਣਾਂ ਲੋਕ ਸਭਾ ਵਾਂਗ ਸਿੱਧੇ ਤੌਰ 'ਤੇ ਨਹੀਂ ਹੁੰਦੀਆਂ, ਸਗੋਂ ਰਾਜਾਂ ਦੇ ਵਿਧਾਇਕ ਅਸਿੱਧੇ ਤੌਰ 'ਤੇ ਆਪਣੇ ਵੋਟਾਂ ਨਾਲ ਉਨ੍ਹਾਂ ਨੂੰ ਚੁਣਦੇ ਹਨ। ਹਰੇਕ ਵਿਧਾਇਕ ਦੀ ਵੋਟ 100 ਅੰਕਾਂ ਦੀ ਬਰਾਬਰ ਹੁੰਦੀ ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ, ਜਿਸ ਵਿੱਚ ਹਰ ਦੋ ਸਾਲਾਂ ਬਾਅਦ ਇੱਕ ਤਿਹਾਈ ਮੈਂਬਰ ਰਿਟਾਇਰ ਹੁੰਦੇ ਹਨ। 233 ਸੀਟਾਂ ਅਜਿਹੀਆਂ ਹਨ ਜੋ ਚੋਣਾਂ ਰਾਹੀਂ ਭਰੀਆਂ ਜਾਂਦੀਆਂ ਹਨ, ਜਦੋਂਕਿ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ।